ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 7 ਅਪਰੈਲ
ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਇੱਥੇ ‘ਸਿੱਖ ਵਾਲੰਟੀਅਰਜ਼ ਆਸਟਰੇਲੀਆ’ ਸੰਸਥਾ ਵੱਲੋਂ ਕਰਵਾਏ ਗਏ ਭਾਈਚਾਰਕ ਸਮਾਗਮ ’ਚ ਸ਼ਿਰਕਤ ਕੀਤੀ। ਸ਼ਹਿਰ ਦੇ ਦੱਖਣੀ ਖੇਤਰ ਨੈਰੇ ਵੈਰਨ ਦੇ ਹਾਲ ’ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ। ਉਕਤ ਸੰਸਥਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਸ਼ਕਾਮ ਸੇਵਾ ਦੇ ਵੱਡੇ ਕਾਰਜਾਂ ਨੇ ਆਸਟਰੇਲੀਆ ਦੀ ਮਹਾਨਤਾ ਨੂੰ ਹੋਰ ਵਡੇਰਾ ਕੀਤਾ ਹੈ। ਕੁਦਰਤੀ ਆਫਤਾਂ ਸਣੇ ਸਮਾਜ ਦੇ ਗਰੀਬ ਤੇ ਲੋੜਵੰਦ ਵਰਗਾਂ ’ਚ ਲੰਗਰ ਸਣੇ ਹੋਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਦੀ ਇਹ ਸੰਸਥਾ ਇੱਕ ਦਹਾਕੇ ਬਾਅਦ ਵੀ ਉਸੇ ਊਰਜਾ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵੱਖ ਵੱਖ ਵਿੱਦਿਅਕ ਖੇਤਰਾਂ ’ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ। ਕੇਸਰੀ ਪੱਗ ਬੰਨ੍ਹ ਕੇ ਇਨ੍ਹਾਂ ਸਮਾਗਮਾਂ ’ਚ ਹਿੱਸਾ ਲੈ ਰਹੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ।