ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਪਰੈਲ
ਚਾਰ ਦਹਾਕਿਆਂ ਤੋਂ ਲੋਕ ਸਭਾ ਚੋਣਾਂ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਮਾਲਵਾ ਖੇਤਰ ਦੇ ਵੱਡੇ ਸਿਆਸਤਦਾਨ ਜਗਮੀਤ ਸਿੰਘ ਬਰਾੜ ਇਸ ਵਾਰ ਸਿਆਸੀ ਪਿੜ ਵਿੱਚੋਂ ਗ਼ੈਰਹਾਜ਼ਰ ਹਨ। ਉਨ੍ਹਾਂ ਨੂੰ ਹਮੇਸ਼ਾ ਸ਼ਾਨਦਾਰ ਤਕਰੀਰਾਂ ਲਈ ਜਾਣਿਆ ਜਾਂਦਾ ਹੈ।
ਉਹ 10 ਸਾਲ ਦੇਸ਼ ਦੀ ਪਾਰਲੀਮੈਂਟ ਵਿੱਚ ਬਤੌਰ ਸੰਸਦ ਮੈਂਬਰ ਸਭ ਤੋਂ ਜ਼ੋਰਦਾਰ ਢੰਗ ਨਾਲ ਪੰਜਾਬ ਦੇ ਮੁੱਦਿਆਂ ਨੂੰ ਉਭਾਰਦੇ ਰਹੇ ਹਨ ਪਰ ਇਸ ਵਾਰ ਅਜੇ ਤੱਕ ਕਿਸੇ ਵੀ ਸਿਆਸੀ ਮੰਚ ਤੋਂ ਬੋਲਦੇ ਸੁਣਾਈ ਨਹੀਂ ਦਿੱਤੇ। ਜ਼ਿਕਰਯੋਗ ਹੈ ਕਿ ਪੰਜ ਵਾਰ ਲੋਕ ਸਭਾ ਚੋਣਾਂ ਲੜਨ ਵਾਲੇ ਜਗਮੀਤ ਸਿੰਘ ਬਰਾੜ ਨੂੰ ਹਮੇਸ਼ਾ ਸੱਚ ਬੋਲਣ ਦੀ ‘ਸਜ਼ਾ’ ਮਿਲਦੀ ਰਹੀ ਹੈ। ਉਹ ਕਾਂਗਰਸ ਵਿੱਚ ਰਹਿ ਕੇ ਪਾਰਟੀ ਦੀਆਂ ਨਾਕਾਮੀਆਂ ਖ਼ਿਲਾਫ਼ ਬੋਲਦੇ ਹੋਏ ਹਮੇਸ਼ਾ ਚਰਚਾ ਵਿੱਚ ਰਹੇ ਹਨ ਅਤੇ ਕਾਂਗਰਸ ਨੂੰ ਛੱਡਣ ਤੋਂ ਬਾਅਦ ਵਿਚ ਸ਼੍ਰੋਮਣੀ ਅਕਾਲੀ ਰਹਿੰਦਿਆਂ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖ ਕੇ ਅਸੂਲਾਂ ’ਤੇ ਪਹਿਰਾ ਦੇਣ ਦੀ ਗੱਲ ਕੀਤੀ ਜਿਸ ਮਗਰੋਂ ਉਨ੍ਹਾਂ ਨੂੰ ਪਾਰਟੀ ਨੇ ਬਾਹਰ ਦਾ ਰਾਹ ਦਿਖਾ ਦਿੱਤਾ। ਉਨ੍ਹਾਂ ਕਾਂਗਰਸ ਤੋਂ ਲੋਕ ਸਭਾ ਮੈਂਬਰ ਹੁੰਦਿਆਂ ਪੰਜਾਬ ਦੇ ਰਾਵੀ-ਬਿਆਸ ਦੇ ਪਾਣੀਆਂ ਦਾ ਮਾਮਲਾ, ਖਾਲੜਾ ਦਾ ਮੁੱਦਾ, ਸਾਕਾ ਨੀਲਾ ਤਾਰਾ, ਮਨੁੱਖੀ ਅਧਿਕਾਰਾਂ, ਪੰਜਾਬ ਦੀ ਖੇਤੀ ਤੇ ਹੜ੍ਹਾਂ ਦੀ ਤਬਾਹੀ ਦੇ ਮਾਮਲੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਪੇਸ਼ ਕਰਕੇ ‘ਆਵਾਜ਼-ਏ-ਪੰਜਾਬ’ ਵਰਗੇ ਖ਼ਿਤਾਬ ਹਾਸਲ ਕੀਤੇ।
ਹੁਣ ਜਦੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ ਤਾਂ ਜਗਮੀਤ ਸਿੰਘ ਬਰਾੜ ਦੀ ਚੁੱਪ ਬਾਰੇ ਕਾਂਗਰਸ ਸਮੇਤ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਦੇ ਚੋਣ ਦੰਗਲ ਦੌਰਾਨ ਆਮ ਲੋਕ ਗੱਲਾਂ ਕਰਨ ਲੱਗੇ ਹਨ। ਕਾਬਿਲੇਗੌਰ ਹੈ ਕਿ ਪੰਜਾਬ ਦੇ ਮਸਲਿਆਂ ਦਾ ਜਦੋਂ ਕਾਂਗਰਸ ਸਮੇਤ ਸ਼੍ਰੋਮਣੀ ਅਕਾਲੀ ਦਲ ਤੋਂ ਕੋਈ ਹੱਲ ਨਾ ਹੋਇਆ ਤਾਂ ਜਗਮੀਤ ਸਿੰਘ ਬਰਾੜ ਨੇ ਲੋਕ ਯੁੱਧ ਮੋਰਚਾ ਕਾਇਮ ਕਰਕੇ ਪੰਜਾਬੀਆਂ ਦੇ ਹੱਕ-ਸੱਚ ਲਈ ਇੱਕ ਵੱਡੀ ਲੜਾਈ ਦਾ ਆਰੰਭ ਪਹਿਲੀ ਨਵੰਬਰ-1994 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ।
ਇਸ ਤੋਂ ਪਹਿਲਾਂ ਸ੍ਰੀ ਬਰਾੜ ਨੇ 1980 ਤੇ 1984 ਵਿੱਚ ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜਾਂ ਦੇ ਵਿਰੁੱਧ ਕਈ ਚੋਣਾਂ ਲੜੀਆਂ ਸਨ।
ਉਹ 1992 ਵਿੱਚ ਲੋਕ ਸਭਾ ਮੈਂਬਰ ਬਣੇ ਅਤੇ 1999 ’ਚ 13ਵੀਂ ਲੋਕ ਸਭਾ ਫਰੀਦਕੋਟ ਹਲਕੇ ਤੋਂ ਸੁਖਬੀਰ ਬਾਦਲ ਨੂੰ ਹਰਾਇਆ, ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ। ਇਸ ਨੂੰ ਵੱਡੀ ਜਿੱਤ ਮੰਨਿਆ ਗਿਆ ਕਿਉਂਕਿ ਲਹਿਰ ਕਾਂਗਰਸ ਵਿਰੋਧੀ ਸੀ। ਉਨ੍ਹਾਂ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਲੜੀਆਂ ਪਰ ਹਾਰ ਗਏ ਸਨ।