ਗੁਰਦੀਪ ਸਿੰਘ ਭੱਟੀ
ਟੋਹਾਣਾ, 7 ਅਪਰੈਲ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਟੋਹਾਣਾ ਵਿੱਚ ਸਿਰਸਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਸ਼ੋਕ ਤੰਵਰ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਕਿਹਾ ਕਿ ਅਸ਼ੋਕ ਤੰਵਰ ਉਸ ਦੇ ਪੁਰਾਣੇ ਦੋਸਤ ਹਨ। ਜਿਨ੍ਹਾਂ ਦੇ ਦਿਲ ਵਿੱਚ ਦਰਦ ਰਹਿੰਦਾ ਸੀ ਕਿ ਕਾਂਗਰਸ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਉਨ੍ਹਾਂ ਨੂੰ ਭਾਜਪਾ ਵਿੱਚ ਆ ਕੇ ਰਾਹਤ ਮਿਲੀ ਹੈ। ਮੁੱਖ ਮੰਤਰੀ ਨੇ ਕਾਂਗਰਸ ’ਤੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਦੀ ਨਾ ਕੋਈ ਨੀਤੀ ਸਾਫ਼ ਹੈ ਤੇ ਨਾ ਹੀ ਪਾਰਟੀ ਦੀ ਨੀਅਤ ਸਾਫ਼ ਹੈ। ਕਾਂਗਰਸ ਸਵੇਰੇ ਸ਼ਾਮ ਬਿਆਨ ਬਦਲ ਰਹੀ ਹੈ। ਕਾਂਗਰਸ ਦੱਸੇ ਕਿ ਇੰਡੀਆ ਗੱਠਜੋੜ ਦੀ ਅਗਵਾਈ ਕੌਣ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣ ਹੈ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਗਮ ਲਾਲ ਕਿਲੇ ਵਿੱਚ ਕਰਵਾਉਣ ਵਾਲੀ ਮੋਦੀ ਸਰਕਾਰ ਹੈ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰਿਆਣਾ ਸੂਬੇ ਦੀਆਂ 10 ਸੀਟਾਂ ’ਤੇ ਭਾਜਪਾ ਜਿੱਤ ਦਰਜ ਕਰੇਗੀ। ਉਨ੍ਹਾਂ ਸਿਰਸਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਸ਼ੋਕ ਤੰਵਰ ਨੂੰ ਜੇਤੂ ਬਣਾਉਣ।
ਇਸ ਮੌਕੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਵੀ ਸੰਬੋਧਨ ਕੀਤਾ। ਰੈਲੀ ਵਿੱਚ ਵਿਧਾਇਕ ਵਿਧਾਇਕ ਲਛਮਣ ਨਾਪਾ ਰਤੀਆ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਤੇ ਮੰਤਰੀ ਕਮਲ ਗੁਪਤਾ ਨੇ ਵੀ ਸੰਬੋਧਨ ਕੀਤਾ।
ਜੀਂਦ (ਮਹਾਂਵੀਰ ਮਿੱਤਲ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਅੱਜ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਨਿਸ਼ਾਨੇ ਲਗਾਏ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕਹਿੰਦੀ ਹੀ ਸੀ, ਪਰ ਕਰਦੀ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਨੇ ਹਮੇਸ਼ਾ ਆਪਣੇ ਰਾਜ ਵਿੱਚ ਲੋਕਾਂ ਨਾਲ ਅਨਿਆਂ ਕੀਤਾ ਹੈ, ਉਹ ਅੱਜ ਨਿਆਂ ਸ਼ਬਦ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਅਜਿਹੇ ਲੋਕਾਂ ’ਤੇ ਭਰੋਸਾ ਕਿਉਂ ਕਰਨਗੇ। ਸੈਣੀ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਨਿਆਂ ਸ਼ਬਦ ਵਰਤਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਨਾ ਤਾਂ 1984 ਭੁੱਲੇ ਹਨ ਤੇ ਨਾ ਹੀ ਅਮਰਜੈਂਸੀ ਨੂੰ ਭੁੱਲ ਸਕਦੇ। ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਮੁੱਖ ਮੰਤਰੀ ਬਣਨ ਮਗਰੋਂ ਇੱਥੇ ਪਹਿਲੀ ਵਾਰ ਆਏ ਸਨ। ਇਹ ਪਹਿਲੀ ਵਾਰ ਵੇਖਣ ਵਿੱਚ ਆਇਆ ਕਿ ਇੱਥੇ ਮੁੱਖ ਮੰਤਰੀ ਦੇ ਕਾਫਲੇ ਨੂੰ ਕੱਢਣ ਲਈ ਐਂਬੂਲੈਂਸ ਗੱਡੀ ਨੂੰ ਰੋਕ ਦਿੱਤਾ ਗਿਆ ਸੀ, ਜਦੋਂ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੌਰਾਨ ਵੀ ਕਦੇ ਐਂਬੁਲੈਂਸ ਗੱਡੀ ਨਹੀਂ ਰੋਕੀ ਗਈ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸੋਨੀਪਤ ਲੋਕ ਸਭਾ ਤੋਂ ਉਮੀਦਵਾਰ ਮੋਹਨ ਸਿੰਘ ਬੜੌਲੀ ਦੇ ਪੱਖ ਵਿੱਚ ਲੋਕਾਂ ਤੋਂ ਵੋਟਾਂ ਮੰਗੀਆਂ। ਇਸ ਮੌਕੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਭਾਜਪਾ ਵੱਲੋਂ ਕਰਵਾਏ ਵਿਕਾਸ ਦੇ ਸੋਹਲੇ ਗਾਏ।
ਟੋਹਾਣਾ ਵਿੱਚ ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ
ਟੋਹਾਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਟੋਹਾਣਾ ਅਨਾਜ ਮੰਡੀ ਵਿੱਚ ਚੋਣ ਰੈਲੀ ਤੋਂ ਦੋ ਘੰਟੇ ਪਹਿਲਾਂ ਵਿਰੋਧ ਕਰਨ ਆਏ ਹੜ੍ਹ ਪੀੜਤ ਕਿਸਾਨਾਂ ਨੂੰ ਪੁਲੀਸ ਨੇ ਰੈਲੀ ਸਥਾਨ ਤੋਂ ਥੋੜ੍ਹੀ ਦੁੂਰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਕਿਸਾਨਾਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਜਾਖਲ ਬਲਾਕ ਦੇ ਕਿਸਾਨ ਮਨਦੀਪ ਨਥਵਾਨ ਦੀ ਅਗਵਾਈ ਵਿੱਚ ਬਲਾਕ ਪ੍ਰਧਾਨ ਲਾਭ ਸਿੰਘ, ਜੱਗੀ ਮਹਿਲ ਉਪ ਪ੍ਰਧਾਨ, ਹਰਵਿੰਦਰ ਸਿੰਘ ਬੁਲਾਰਾ, ਵਿਰਸਾ ਸਿੰਘ, ਜੱਸਾ ਸਿੰਘ, ਪਾਲ ਸਿੰਘ ਤਲਵਾੜਾ ਸਣੇ ਸੈਂਕੜੇ ਕਿਸਾਨਾਂ ਨੂੰ ਹਰਿਆਣਾ ਰੋੜਵੇਜ਼ ਦੀਆਂ ਬਸਾਂ ਵਿੱਚ ਬੈਠਾਇਆ ਗਿਆ ਤੇ ਕਿਸਾਨ ਕਾਲੇ ਝੰਡੇ ਲਹਿਰਾਉਂਦੇ ਹੋਏ ਸਵਾਰ ਹੋਏ। ਮਨਦੀਪ ਨੱਥਵਾਨ ਨੇ ਦੱਸਿਆ ਕਿ ਉਨ੍ਹਾਂਂ ਨੂੰ ਭੁੂਨਾ ਥਾਣੇ ਲਿਜਾਇਆ ਗਿਆ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਸਟੇਟ ਉਪ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਧਰਨੇ ’ਤੇ ਬੈਠੇ ਸ਼ਹੀਦ ਚੌਕ ਵਿੱਚੋਂ ਜਗਬੀਰ ਗੌਸਵਾਮੀ, ਸੁਨੀਲ ਸਿਹਾਗ, ਬਲਕਾਰ ਸਿੰਘ, ਹਰੀਸ ਵਰਮਾ ਆਦਿ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਸੈਣੀ ਭਾਈਚਾਰੇ ਵੱਲੋਂ ਮੁੱਖ ਮੰਤਰੀ ਦਾ ਸਨਮਾਨ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਦੇ ਥੀਮ ਪਾਰਕ ਵਿੱਚ ਸੈਣੀ ਸਮਾਜ ਵਲੋਂ ਮਹਾਤਮਾ ਜੋਤੀਬਾ ਫੂਲੇ ਦੀ ਜੈਅੰਤੀ ’ਤੇ ਨਾਗਰਿਕ ਸਨਮਾਨ ਸਮਾਰੋਹ ਵਿਚ ਬੋਲ ਰਹੇ ਸਨ। ਇਸ ਮੌਕੇ ਸੈਣੀ ਭਾਈਚਾਰੇ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਸੁਧਾਰ ਵਿਚ ਲਾਇਆ ਹੈ। ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜ ਕੀਤੇ ਗਏ ਹਨ। ਇਸ ਮੌਕੇ ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਗਜਲਾਣਾ, ਰਾਜ ਮੰਤਰੀ ਸੁਭਾਸ਼ ਸੁਧਾ, ਸਾਬਕਾ ਮੰਤਰੀ ਤੇ ਵਿਧਾਇਕ ਸੰਦੀਪ ਸਿੰਘ, ਵਿਧਾਇਕ ਰਾਮ ਕੁਮਾਰ ਆਦਿ ਹਾਜ਼ਰ ਸਨ।