ਕਰਮਜੀਤ ਸਿੰਘ ਚਿੱਲਾ/ ਹਰਜੀਤ ਸਿੰਘ
ਬਨੂੜ/ਜ਼ੀਰਕਪੁਰ, 8 ਅਪਰੈਲ
ਡੇਰਾਬਸੀ ਹਲਕੇ ਦੇ ਸਾਬਕਾ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਦਾ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ’ਤੇ ਚੋਣ ਮੈਦਾਨ ਵਿਚ ਉਤਰਨਾ ਲਗਪਗ ਤੈਅ ਹੈ। ਉਨ੍ਹਾਂ ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਬਾਕਾਇਦਾ ਤੌਰ ’ਤੇ ਆਪਣੀਆਂ ਸਰਗਰਮੀਆਂ ਵੀ ਆਰੰਭ ਦਿੱਤੀਆਂ ਹਨ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਾਰਟੀ ਲਈ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਬੀਤੇ ਦਿਨ ਆਪਣੇ ਜੱਦੀ ਪਿੰਡ ਲੋਹਗੜ੍ਹ ਵਿੱਚ ਵੱਡਾ ਇਕੱਠ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਅਤੇ ਅੱਜ ਸਵੇਰੇ ਬਨੂੜ ਵਿੱਚ ਖੇਤਰ ਦੇ ਸਰਗਰਮ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਚੋਣਾਂ ਲਈ ਰਣਨੀਤੀ ਉਲੀਕੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਪਹਿਲੀ ਜੂਨ ਤੱਕ ਦਾ ਸਮਾਂ ਪਾਰਟੀ ਨੂੰ ਦੇਣ ਲਈ ਪ੍ਰੇਰਿਆ। ਉਨ੍ਹਾਂ ਵਰਕਰਾਂ ਨੂੰ ਹਰ ਪਿੰਡ ਦੇ ਹਰ ਵੋਟਰ ਤੱਕ ਨਿੱਜੀ ਤੌਰ ’ਤੇ ਸੰਪਰਕ ਸਾਧ ਕੇ ਅਕਾਲੀ ਦਲ ਵੱਲੋਂ ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਲਈ ਕੀਤੇ ਕੰਮਾਂ ਬਾਰੇ ਜਾਣੂ ਕਰਾਉਣ ਲਈ ਆਖਿਆ। ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਸਾਰੇ ਦੇਸ਼ ਵਿੱਚ ਰਲ ਕੇ ਚੋਣਾਂ ਲੜ ਰਹੇ ਹਨ, ਇੱਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਟੇਜਾਂ ਸਾਂਝੀਆਂ ਕਰ ਰਹੇ ਹਨ ਪਰ ਪੰਜਾਬ ਵਿਚ ਇੱਕ ਦੂਜੇ ਦਾ ਵਿਰੋਧੀ ਹੋਣ ਦਾ ਲੋਕ ਵਿਖਾਵਾ ਕਰ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਕੋਲੋਂ ਵੀ ਲੋਕੀਂ ਕਿਸਾਨਾਂ ਨਾਲ ਕੀਤੀਆਂ ਵਧੀਕੀਆਂ ਦਾ ਜਵਾਬ ਮੰਗਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਸ਼ਾਨਦਾਰ ਜਿੱਤਾਂ ਦਰਜ ਕਰੇਗਾ। ਸ਼ਰਮਾ ਵੱਲੋਂ ਲੰਘੇ ਦਿਨਾਂ ਤੋਂ ਆਪਣੇ ਵਰਕਰਾਂ ਨਾਲ ਮੀਟਿੰਗਾਂ ਕਰਕੇੇ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਸੀ। ਉਹ 2003 ਵਿੱਚ ਨਗਰ ਕੌਂਸਲ ਜ਼ੀਰਕਪੁਰ ਦੇ ਪੰਜ ਸਾਲ ਪ੍ਰਧਾਨ ਰਹੇ ਅਤੇ 2008 ਵਿੱਚ ਉਹ ਦੂਜੀ ਵਾਰ ਇਕ ਸਾਲ ਪ੍ਰਧਾਨ ਰਹੇ। 2009 ਤੋਂ 2012 ਤੱਕ ਉਹ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਰਹੇ ਤੇ ਉਨ੍ਹਾਂ 2009 ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਛੱਡ ਦਿੱਤੀ ਸੀ। 2012 ਤੋਂ ਲਗਾਤਾਰ 2022 ਤੱਕ ਉਹ ਦੋ ਵਾਰ ਹਲਕੇ ਤੋਂ ਵਿਧਾਇਕ ਚੁਣੇ ਗਏ।
ਪਾਰਟੀ ਨੇ ਹੁਕਮ ਕੀਤਾ ਤਾਂ ਮੈਦਾਨ ਵਿਚ ਡਟਾਂਗਾ: ਸ਼ਰਮਾ
ਨਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ। ਜੇ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਨਿਰਦੇਸ਼ ਦਿੱਤਾ ਤਾਂ ਡਟ ਕੇ ਚੋਣ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਸਾਰੇ ਹਲਕੇ ਦੇ ਉਮੀਦਵਾਰਾਂ ਦਾ ਅਗਲੇ ਕੁੱਝ ਦਿਨਾਂ ਵਿਚ ਐਲਾਨ ਕਰ ਦਿੱਤਾ ਜਾਵੇਗਾ।