ਕੁਲਦੀਪ ਸਿੰਘ
ਨਵੀਂ ਦਿੱਲੀ, 9 ਅਪਰੈਲ
ਪੰਜਾਬੀ ਸਾਹਿਤ ਸਭਾ ਨੇ ਆਪਣੇ ਪੰਜਾਬੀ ਭਵਨ ਵਿੱਚ ਪ੍ਰੋ. ਕੁਲਵੀਰ ਗੋਜਰਾ (ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਦੀ ਪ੍ਰਧਾਨਗੀ ਹੇਠ ਸਾਹਿਤਕ ਇਕੱਤਰਤਾ ਕਰਵਾਈ। ਮੰਚ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਨਾਲ ਜਾਣ-ਪਛਾਣ ਕਰਾਈ। ਮਾਧੋਪੁਰੀ ਹੁਰਾਂ ਨੇ ਬਲਵਿੰਦਰ ਸਿੰਘ ਬਰਾੜ ਬਾਰੇ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਗਲਪ ਵਿਚ ਢੁੱਕਵਾਂ ਸਥਾਨ ਹੈ ਪਰ ਬਰਾੜ ਦੀਆਂ ਕਹਾਣੀਆਂ ਕਿਸਾਨੀ ਉਤੇ ਕੇਂਦਰਿਤ ਹੁੰਦੀਆਂ ਹਨ ਤੇ ਉਨ੍ਹਾਂ ਦੀ ਸੁਰ ਗੰਭੀਰ ਕਿਸਮ ਦੀ ਹੁੰਦੀ ਹੈ। ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ’ਚ ਬਲਵਿੰਦਰ ਬਰਾੜ ਨੇ ‘ਜਸਟ ਫਰੈਂਡਜ਼’ ਨਾਂ ਦੀ ਕਹਾਣੀ ਸੁਣਾਈ, ਜੋ ਔਰਤ-ਮਰਦ ਦੇ ਜਾਇਜ਼-ਨਾਜਾਇਜ਼ ਰਿਸ਼ਤਿਆਂ ਨਾਲ ਸਬੰਧਤ ਸੀ। ਕਸ਼ਮੀਰ ਤੋਂ ਆਏ ਕੀਰਤ ਸਿੰਘ ਇਨਕਲਾਬੀ ਨੇ ‘ਵਿਸ਼ਵ ਨਾਗਰਿਕਤਾ’, ‘ਸ਼ਹਿਰ ਦੇ ਪਿੰਡੇ ’ਤੇ’ ਅਤੇ ‘ਰਿਸ਼ਤਿਆਂ ਦੇ ਨੈੱਟਵਰਕ ਵਿਚ’ ਤਿੰਨ ਕਵਿਤਾਵਾਂ ਸੁਣਾਈਆਂ। ਗੁਰਦੀਪ ਕੌਰ ਨੇ ‘ਸੜਕ ਤੇ ਪਿੰਜਰਾ’, ‘ਘਰ ਦਾ ਤਲਿੱਸਮ’, ‘ਬਾਂਦਰ ਤੇ ਬਿੱਲੀਆਂ’, ਕਵਿਤਾਵਾਂ ਸੁਣਾਈਆਂ, ਜੋ ਯਥਾਰਥ ਦੇ ਨੇੜੇ ਪ੍ਰਤੀਤ ਹੋਈਆਂ। ਪ੍ਰੋ. ਕੁਲਵੀਰ ਗੋਜਰਾ ਨੇ ਪ੍ਰਧਾਨਗੀ ਟਿੱਪਣੀਆਂ ਵਿਚ ਸਦੀਵੀ ਸਾਹਿਤ ਦੇ ਮਿਆਰਾਂ, ਭਾਸ਼ਾ ਤੇ ਹੋਰ ਅਹਿਮ ਪੱਖਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਕਵਿਤਾ ਵਿਚ ‘ਚੁੱਪ’ ਦੀ ਥਾਂ ਕਵਿਤਾਵਾਂ ਵਿਚ ਕਵੀ ਵਧੇਰੇ ਬੋਲਦੇ ਹਨ। ਉਨ੍ਹਾਂ ਪੰਜਾਬੀ ਸਾਹਿਤ ਸਭਾ ਵੱਲੋਂ ਪੰਜਾਬੀ ਸਾਹਿਤ ਲਈ ਕੀਤੇ ਜਾਂਦੇ ਉਦਮਾਂ ਦੀ ਵਡਿਆਈ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿਚ ਡਾ. ਕਰਨਜੀਤ ਦੇ ਸਦੀਵੀ ਵਿਛੋੜੇ ਨਮਿਤ ਹਾਜ਼ਰ ਸਾਹਿਤਕਾਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਰੱਖਿਆ ਗਿਆ ਤੇ ਬਲਬੀਰ ਮਾਧੋਪੁਰੀ ਨੇ ਸਭਾ ਵੱਲੋਂ ਸੋਗ ਮਤਾ ਪੜ੍ਹਿਆ। ਇਕੱਤਰਤਾ ਵਿਚ ਹੋਰਾਂ ਸਮੇਤ ਡਾ. ਰੇਣੁਕਾ ਸਿੰਘ (ਚੇਅਰਪਰਸਨ, ਪੰਜਾਬੀ ਸਾਹਿਤ ਸਭਾ), ਗਜ਼ਲਕਾਰ ਜਸਵੰਤ ਸਿੰਘ ਸੇਖਵਾਂ, ਕਹਾਣੀਕਾਰ ਰਵਿੰਦਰ ਸਿੰਘ ਰੁਪਾਲ, ਸਤੀਸ਼ ਸ਼ਰਮਾ (ਸ਼ਿਲਾਲੇਖ ਪ੍ਰਕਾਸ਼ਨ) ਤੇ ਯੂਨੀਵਰਸਿਟੀ ਦੇ ਕਈ ਖੋਜਾਰਥੀ ਸ਼ਾਮਿਲ ਹੋਏ।