ਪੱਤਰ ਪ੍ਰੇਰਕ
ਪਾਇਲ, 9 ਅਪਰੈਲ
ਨੇੜਲੇ ਪਿੰਡ ਮਕਸੁਦੜਾ ਦੀ ਪੁਰਾਤਨ ਕੁਦਰਤੀ ਮਾਹੌਲ ਨਾਲ ਸੰਭਾਲੀ ਢੱਕੀ ਸਾਹਿਬ ਦੇ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚੇਤ ਮਹੀਨੇ ਦੀ ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੰਤ ਖਾਲਸਾ ਨੇ ਸਹਿਜ ਮੰਡਲ ਤੇ ਨਿਮਰਤਾ ਦੇ ਵਿਸ਼ੇ ’ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਅਤੇ ਦੂਜੇ ਮੱਤਾਂ ਦੇ ਧਾਰਮਿਕ ਪੱਖਾਂ ਦੀਆਂ ਉਦਾਹਰਣਾਂ ਦਿੰਦਿਆਂ ਸਮਝਾਇਆ ਕਿ ਨਿਮਰਤਾ ਤੇ ਨਿਰਮਾਣਤਾ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਰੱਬੀ ਦਰ ’ਤੇ ਪ੍ਰਵਾਨ ਹੋਣ ਲਈ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰਮਾਤਮਾਂ ਦੀ ਹੋਂਦ ਤੇ ਅਸਤਿਤਵ ਨੂੰ ਨਿਮਰਤਾ ਨਾਲ ਹੀ ਅਨੁਭਵ ਕੀਤਾ ਜਾ ਸਕਦਾ ਹੈ, ਹਾਥੀ ਨੁਮਾ ਹੰਕਾਰ ਨਾਲ ਨਹੀਂ।
ਮਹਾਪੁਰਸ਼ਾਂ ਨੇ ਗੁਰੂ ਅਮਰਦਾਸ ਜੀ ਦੇ ਗੁਰਤਾਗੱਦੀ ਦਿਵਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਵਿਚਲੀ ਸੇਵਾ ਭਾਵਨਾ, ਸ਼ਹਿਨਸ਼ੀਲਤਾ, ਧੀਰਜ, ਨਿਮਰਤਾ ਆਦਿ ਪੱਖਾਂ ਦੇ ਹਵਾਲੇ ਨਾਲ 73 ਵਰ੍ਹਿਆਂ ਦੀ ਬਜ਼ੁਰਗੀ ਉਮਰ ਅਵਸਥਾ ਚ ਗੁਰਤਾਗੱਦੀ ਦੀ ਬਖਸ਼ਿਸ਼ ਹੋਣ, ਉਨ੍ਹਾਂ ਵੱਲੋਂ ਦਿੱਤੀਆਂ ਜੀਵਨ ਸੇਧਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਆਪਣੇ ਜੀਵਨ ’ਤੇ ਲਾਗੂ ਕਰਨ ਲਈ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਭਾਈ ਗੁਰਦੀਪ ਸਿੰਘ ਨੇ ਮਹਾਂਪੁਰਸ਼ਾਂ ਦੇ ਜੀਵਨ ਅਤੇ ਢੱਕੀ ਸਾਹਿਬ ਨਾਲ ਸਬੰਧਿਤ ਜੁੜੇ ਰੂਹਾਨੀ ਪੱਖਾਂ ਦੇ ਨਾਲ ਨਾਲ ਕਾਵਿ ਰਚਨਾਵਾਂ ਨੂੰ ਵਾਰਾਂ ਦੇ ਰੂਪ ’ਚ ਗਾਇਨ ਕੀਤਾ।