ਸ਼ਿਮਲਾ, 10 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸਣੇ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 42.89 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ| ਮੁਲਜ਼ਮਾਂ ’ਚ ਲੜਕੀ ਵੀ ਸ਼ਾਮਲ ਹੈ। ਮੰਗਲਵਾਰ ਨੂੰ ਪੁਲੀਸ ਨੇ ਪੁਰਾਣੇ ਬੱਸ ਅੱਡੇ ਕੋਲ ਹੋਟਲ ਦੇ ਕਮਰੇ ‘ਚ ਛਾਪੇ ਦੌਰਾਨ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਮੁੱਖ ਮੁਲਜ਼ਮ ਦੀ ਪਛਾਣ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ (37) ਵਜੋਂ ਹੋਈ ਹੈ ਅਤੇ ਬਾਕੀ ਚਾਰ ਮੁਲਜ਼ਮ ਅਜੈ ਕੁਮਾਰ (27), ਸ਼ੁਭਮ ਕੌਸ਼ਲ (26) ਅਤੇ ਬਲਬਿੰਦਰ (22) ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇੱਕ ਹੋਰ ਮੁਲਜ਼ਮ ਅਬਨੀ (19) ਦਾ ਸਬੰਧ ਹਿਮਾਚਲ ਨਾਲ ਹੈ। ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪ੍ਰਕਾਸ਼ ਸਿੰਘ ਨੂੰ ਹੈਰੋਇਨ ਰੱਖਣ ਦੇ ਦੋਸ਼ ਵਿੱਚ ਪੰਜਾਬ ਦੇ ਗੁਰਦਾਸਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।