ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 13 ਅਪਰੈਲ
ਮਾਲੇਰਕੋਟਲਾ-ਖੰਨਾ ਸੜਕ ’ਤੇ ਪਿੰਡ ਰਾਣਵਾਂ ਵਿੱਚ ਲੰਘੀ ਰਾਤ ਟਾਇਰ ਫਟਣ ਕਾਰਨ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਜਦਕਿ ਤੀਜੇ ਜ਼ਖ਼ਮੀ ਦਾ ਇਲਾਜ ਮਾਲੇਰਕੋਟਲਾ ਹਸਪਤਾਲ ’ਚ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਪਿੰਡ ਰਾਣਵਾਂ ਦੀ ਸਰਪੰਚ ਸੁਰਿੰਦਰ ਕੌਰ ਦੇ ਪਤੀ ਸੂਬੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਲੰਘੀ ਰਾਤ 11.15 ਵਜੇ ਵਾਪਰਿਆ। ਖੰਨੇ ਵਾਲੇ ਪਾਸੇ ਤੋਂ ਮਾਲੇਰਕੋਟਲਾ ਵੱਲ ਆ ਰਹੀ ਸਕੌਡਾ ਕਾਰ ਦਾ ਪਿੰਡ ਰਾਣਵਾਂ ਪਹੁੰਚ ਕੇ ਚਾਲਕ ਵਾਲੇ ਪਾਸੇ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਪਲਟਣੀਆਂ ਖਾਂਦੀ ਹੋਈ ਕਾਫ਼ੀ ਦੂਰ ਤੱਕ ਚਲੀ ਗਈ। ਇਸ ਦੌਰਾਨ ਕਾਰ ’ਚੋਂ ਚਾਰ ਨੌਜਵਾਨ ਬਾਹਰ ਸੜਕ ’ਤੇ ਜਾ ਡਿੱਗੇ। ਇਨ੍ਹਾਂ ’ਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਉਸ ਨੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ। ਇਸ ਹਾਦਸੇ ਵਿੱਚ ਸਿਮਰਨਜੀਤ ਸਿੰਘ (21) ਵਾਸੀ ਪਿੰਡ ਗੁਆਰਾ ਅਤੇ ਉਮੇਰ ਰਤਨ ਵਾਸੀ ਜਮਾਲਪੁਰਾ (ਮਾਲੇਰਕੋਟਲਾ) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਨਵੀਰ ਸਿੰਘ ਵਾਸੀ ਗੁਆਰਾ, ਮਨਵੀਰ ਸਿੰਘ ਵਾਸੀ ਡੇਰਾਬੱਸੀ ਅਤੇ ਅਲੀ ਸ਼ਾਨ ਵਾਸੀ ਮੁਹੱਲਾ ਵੱਡਾ ਖਾਰਾ ਖੂਹ ਭੂਮਸੀ (ਮਾਲੇਰਕੋਟਲਾ) ਗੰਭੀਰ ਜ਼ਖ਼ਮੀ ਹੋ ਗਏ। ਉਪਰੰਤ ਅਲੀ ਸ਼ਾਨ ਵਾਸੀ ਮੁਹੱਲਾ ਵੱਡਾ ਖਾਰਾ ਖੂਹ ਭੂਮਸੀ (ਮਾਲੇਰਕੋਟਲਾ) ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖ਼ਮੀ ਮਨਵੀਰ ਸਿੰਘ ਵਾਸੀ ਗੁਆਰਾ ਨੂੰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੱਜ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਅਗਲੇਰੇ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ। ਉਮੇਰ ਰਤਨ ਅਤੇ ਅਲੀ ਸ਼ਾਨ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ ਜਦਕਿ ਸਿਮਰਨਜੀਤ ਸਿੰਘ ਦਾ ਪਿੰਡ ਗੁਆਰਾ ਵਿੱਚ ਸਸਕਾਰ ਕਰ ਦਿੱਤਾ ਗਿਆ।
ਸਿਰਸਾ: ਸੜਕ ਹਾਦਸੇ ’ਚ ਦੋ ਔਰਤਾਂ ਦੀ ਮੌਤ
ਸਿਰਸਾ (ਪ੍ਰਭੂ ਦਿਆਲ): ਇੱਥੋਂ ਦੇ ਬੇਗੂ ਰੋਡ ’ਤੇ ਗੱਤਾ ਫੈਕਟਰੀ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਦੋ ਔਰਤਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਪ੍ਰਿਅੰਕਾ ਤੇ ਕਰਮਜੀਤ ਕੌਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਵਾਸੀ ਪ੍ਰਿਅੰਕਾ ਤੇ ਕਰਮਜੀਤ ਕੌਰ ਵਿਸਾਖੀ ਮੌਕੇ ਗੁਰਦੁਆਰੇ ’ਚ ਲੰਗਰ ਪਕਾਉਣ ਲਈ ਆਪਣੀ ਸਕੂਟੀ ’ਤੇ ਜਾ ਰਹੀਆਂ ਸਨ ਤਾਂ ਗੱਤਾ ਫੈਕਟਰੀ ਨੇੜੇ ਇਕ ਟਰੱਕ ਉਨ੍ਹਾਂ ’ਤੇ ਚੜ੍ਹ ਗਿਆ। ਟਰੱਕ ਉਨ੍ਹਾਂ ਨੂੰ ਕਈ ਮੀਟਰ ਘੜੀਸਦਾ ਹੋਇਆ ਲੈ ਗਿਆ ਜਿਸ ਕਾਰਨ ਪ੍ਰਿਅੰਕਾ ਦੀ ਥਾਂ ’ਤੇ ਹੀ ਮੌਤ ਹੋ ਗਈ ਜਦੋਂਕਿ ਕਰਮਜੀਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਕਰਮਜੀਤ ਕੌਰ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਦੱਸਿਆ ਗਿਆ ਹੈ ਕਿ ਜਦੋਂ ਕਰਮਜੀਤ ਕੌਰ ਨੂੰ ਅਗਰੋਹਾ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ’ਚ ਹੀ ਦਮ ਤੋੜ ਦਿੱਤਾ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।