ਨਵੀਂ ਦਿੱਲੀ, 15 ਅਪਰੈਲ
ਕੌਮੀ ਰਾਜਧਾਨੀ ਦਿੱਲੀ ਵਿੱਚ ਕਾਰਡੀਓਲੋਜੀ ਅਤੇ ਨਿਊਰੋਲੌਜੀਕਲ ਸਬੰਧੀ ਬਿਮਾਰੀਆਂ ਦੇ ਇਲਾਜ ਲਈ ਗੋਵਿੰਦ ਬੱਲਭ ਪੰਤ ਹਸਪਤਾਲ (ਜੀਬੀ ਪੰਤ) ਵਿੱਚ ਸੀਟੀ ਸਕੈਨ ਮਸ਼ੀਨਾਂ ਪਿਛਲੇ 10 ਮਹੀਨਿਆਂ ਤੋਂ ਖ਼ਰਾਬ ਹਨ ਜਿਸ ਕਾਰਨ ਦਿੱਲੀ-ਐਨਸੀਆਰ ਅਤੇ ਆਸਪਾਸ ਤੋਂ ਆਉਣ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਬੀ ਪੰਤ ਹਸਪਤਾਲ ਵਿੱਚ ਸੀਟੀ ਸਕੈਨ ਮਸ਼ੀਨਾਂ ਦੇ ਖਰਾਬ ਹੋਣ ਕਾਰਨ ਗੰਭੀਰ ਮਰੀਜ਼ਾਂ ਨੂੰ ਨੇੜਲੇ ਲੋਕ ਨਾਇਕ ਹਸਪਤਾਲ (ਐਲਐਨਜੇਪੀ) ਵਿੱਚ ਰੈਫਰ ਕੀਤਾ ਜਾਂਦਾ ਹੈ। ਮਰੀਜ਼ਾਂ ਨੂੰ ਟੈਸਟ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇੱਕ ਮਰੀਜ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਪਹਿਲੀ ਅਪਰੈਲ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਪੂਰਬੀ ਦਿੱਲੀ ਦੇ ਹੇਡਗੇਵਾਰ ਅਤੇ ਗੁਰੂ ਤੇਗ ਬਹਾਦਰ (ਜੀਟੀਬੀ) ਹਸਪਤਾਲ ਤੋਂ ਜੀਬੀ ਪੰਤ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ ਅਤੇ ਇੱਥੇ ਪਹੁੰਚਣ ਤੋਂ ਬਾਅਦ ਮੁਢਲੀ ਸਹਾਇਤਾ ਦੇ ਕੇ ਸੀਟੀ ਸਕੈਨ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ, ‘‘ਹਸਪਤਾਲ ਦੀਆਂ ਮਸ਼ੀਨਾਂ ਖਰਾਬ ਹੋਣ ਕਾਰਨ ਮੈਨੂੰ ਆਪਣੇ ਪਿਤਾ ਨੂੰ ਨੇੜਲੇ ਐੱਲਐੱਨਜੇਪੀ (ਲੋਕ ਨਾਇਕ ਜੈਪ੍ਰਕਾਸ਼) ਹਸਪਤਾਲ ਲਿਜਾਣ ਲਈ ਕਿਹਾ ਗਿਆ। ਸਾਨੂੰ ਸਵੇਰੇ 10 ਵਜੇ ਸੀਟੀ ਸਕੈਨ ਕਰਵਾਉਣ ਲਈ ਕਿਹਾ ਗਿਆ ਸੀ ਪਰ ਐਲਐਨਜੇਪੀ ਹਸਪਤਾਲ ਦੇ ਸਟਾਫ ਨੇ ਸਾਨੂੰ ਸ਼ਾਮ 4 ਵਜੇ ਦਾ ਸਮਾਂ ਦੇ ਦਿੱਤਾ। ਇੰਨਾ ਲੰਮਾ ਸਮਾਂ ਐਮਰਜੈਂਸੀ ਵਾਲੇ ਮਰੀਜ਼ ਲਈ ਘਾਤਕ ਸਾਬਤ ਹੋ ਸਕਦਾ ਹੈ।’’
ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਨੇੜਲੀ ਇਕ ਕਲੋਨੀ ਤੋਂ ਆਪਣੀ 62 ਸਾਲਾ ਬਿਰਧ ਮਾਤਾ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਜੀਬੀ ਪੰਤ ਹਸਪਤਾਲ ਪਹੁੰਚੀ ਔਰਤ ਨੇ ਦੱਸਿਆ, ‘‘ਮੈਂ ਆਪਣੀ ਮਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 21 ਮਾਰਚ ਨੂੰ ਹਸਪਤਾਲ ਦੇ ਐਮਰਜੈਂਸੀ’ ਵਿਭਾਗ ਵਿੱਚ ਲਿਆਂਦਾ ਸੀ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਸੀਟੀ ਸਕੈਨ ਕਰਵਾਉਣ ਲਈ ਕਿਹਾ ਗਿਆ। ਸਾਨੂੰ ਦੱਸਿਆ ਗਿਆ ਕਿ ਹਸਪਤਾਲ ਦੀਆਂ ਦੋਵੇਂ ਸੀਟੀ ਸਕੈਨ ਮਸ਼ੀਨਾਂ ਖ਼ਰਾਬ ਹਨ। ਸਾਨੂੰ ਮਰੀਜ਼ ਨੂੰ ਨੇੜਲੇ ਹਸਪਤਾਲ ਲਿਜਾਣ ਲਈ ਕਿਹਾ ਗਿਆ ਪਰ ਇਸ ਵਿੱਚ ਜ਼ਿਆਦਾ ਸਮਾਂ ਲੱਗਣ ਕਾਰਨ ਮੈਂ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਇੱਕ ਪ੍ਰਾਈਵੇਟ ਸੈਂਟਰ ਤੋਂ ਆਪਣੀ ਮਾਤਾ ਦਾ ਸੀਟੀ ਸਕੈਨ ਕਰਵਾਇਆ ਜਿਸ ’ਤੇ ਕੀਮਤ 18,500 ਰੁਪਏ ਦਾ ਖਰਚਾ ਆਇਆ।’’ ਪੂਰੇ ਜੀਬੀ ਪੰਤ ਹਸਪਤਾਲ ਵਿੱਚ ਸਿਰਫ ‘ਏ’ ਅਤੇ ‘ਡੀ’ ਬਲਾਕਾਂ ਵਿੱਚ ਹੀ ਸੀਟੀ ਸਕੈਨ ਮਸ਼ੀਨਾਂ ਹਨ ਅਤੇ ਉਨ੍ਹਾਂ ਵੀ ਪਿਛਲੇ ਲੰਮੇ ਸਮੇਂ ਤੋਂ ਖਰਾਬ ਪਈਆਂ ਹਨ। -ਪੀਟੀਆਈ
ਨਵੀਂ ਮਸ਼ੀਨ ਖਰੀਦਣ ਦੀ ਪ੍ਰਕਿਰਿਆ ਲਗਪਗ ਮੁਕੰਮਲ: ਡਾ. ਬਾਂਸਲ
ਜੀਬੀ ਪੰਤ ਹਸਪਤਾਲ ਦੇ ਰੇਡੀਓਲੋਜੀ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾਕਟਰ ਕਲਪਨਾ ਬਾਂਸਲ ਨੇ ਦੱਸਿਆ ਕਿ ਇੱਕ ਮਸ਼ੀਨ ਪਿਛਲੇ ਫਰਵਰੀ-ਮਾਰਚ ਤੋਂ ਖਰਾਬ ਹੈ ਅਤੇ ਪਿਛਲੇ ਸਾਲ ਜੂਨ ਤੋਂ ਦੂਜੀ ਮਸ਼ੀਨ ਦੀ ਜਗ੍ਹਾ ਨਵੀਂ ਮਸ਼ੀਨ ਖਰੀਦਣ ਦੀ ਪ੍ਰਕਿਰਿਆ ਲਗਪਗ ਪੂਰੀ ਹੋ ਚੁੱਕੀ ਹੈ। ਜੁਲਾਈ-ਅਗਸਤ ਤੱਕ ਮਸ਼ੀਨ ਹਸਪਤਾਲ ਵਿੱਚ ਲਿਆਉਣ ਦੀ ਸੰਭਾਵਨਾ ਹੈ। ਰੇਡੀਓਲੋਜੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਡਾ. ਬਾਂਸਲ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਸਪਤਾਲ ਦੇ ‘ਏ’ ਅਤੇ ‘ਡੀ’ ਬਲਾਕ ਵਿਚ ਸੀਟੀ ਸਕੈਨ ਮਸ਼ੀਨਾਂ ਹਨ ਜਿਨ੍ਹਾਂ ’ਚੋਂ ਇਕ ਪਿਛਲੇ ਸਾਲ ਜੂਨ-ਜੁਲਾਈ ਵਿਚ ਖਰਾਬ ਹੋ ਗਈ ਸੀ ਅਤੇ ਇੱਕ ਮਸ਼ੀਨ ਇਸ ਸਾਲ ਫਰਵਰੀ ਵਿੱਚ ਖਰਾਬ ਹੋਈ ਹੈ। ਉਨ੍ਹਾਂ ਦੱਸਿਆ ਕਿ ਦੂਜੀ ਮਸ਼ੀਨ ਲਈ ਟੈਂਡਰ ਵਾਰ-ਵਾਰ ਰੱਦ ਹੋਣ ਕਾਰਨ ਮਸ਼ੀਨ ਦੀ ਖਰੀਦ ਪ੍ਰਕਿਰਿਆ ਵਿੱਚ ਵਿਘਨ ਪੈ ਰਿਹਾ ਹੈ।