ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਪਰੈਲ
ਕਿਸਾਨੀ ਮੰਗਾਂ ਨੂੰ ਲੈ ਕੇ ਜਿੱਥੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਨੂੰ ਅੱਜ ਜਿੱਥੇ 65 ਦਿਨ ਹੋ ਗਏ ਹਨ ਉਥੇ ਹੀ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਜਿਸ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਤੇ ਮੁਸਾਫਰਾਂ ਨੂੰ ਦਿੱਕਤਾਂ ਝੱਲਣੀਆਂ ਪਈਆਂ। ਕਿਸਾਨ ਨੇਤਾਵਾਂ ਵੱਲੋਂ 19 ਅਪਰੈਲ ਨੂੰ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ ਹੈ ਤੇ ਇਸ ਦੌਰਾਨ ਕਿਸੇ ਹੋਰ ਨਵੇਂ ਐਕਸ਼ਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਉਂਜ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਦੀ ਰਿਹਾਈ ਯਕੀਨੀ ਨਾ ਬਣਾਈ ਗਈ ਤਾਂ ਹੋਰਨਾ ਥਾਵਾਂ ’ਤੇ ਵੀ ਰੇਲਵੇ ਟਰੈਕ ਜਾਮ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਜਾਰੀ ਅੱਜ ਦੇ ਇਸ ਧਰਨੇ ਨੂੰ ਸੁਰਜੀਤ ਫੂਲ, ਮਨਜੀਤ ਨਿਆਲ, ਮਨਜੀਤ ਘੁਮਾਣਾ, ਜੰਗ ਸਿੰਘ ਭਟੇੜ, ਬਲਵੰਤ ਬਹਿਰਾਮਕੇ, ਦਿਲਬਾਗ ਗਿੱਲ, ਰਣਜੀਤ ਰਾਜੂ, ਬਚਿੱਤਰ ਕੋਟਲਾ, ਸਤਨਾਮ ਬਹਿਰੂ, ਲੰਬੜਦਾਰ ਮਾਨ ਸਿੰਘ ਰਾਜਪੁਰਾ, ਬਾਬਾ ਲਾਭ ਸਿੰਘ ਬਨੂੜ, ਅਮਰਜੀਤ ਮੌੜ੍ਹੀ, ਸੁਖਜੀਤ ਹਰਦੋਝਾਂਡੇ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਨਵਦੀਪ ਜਲਵੇੜਾ, ਅਨੀਸ਼ ਖਟਕੜ ਅਤੇ ਗੁਰਕੀਰਤ ਸਿੰਘ ਨੂੰ ਪਿਛਲੇ ਦਿਨੀਂ ਹਰਿਆਣਾ ਪੁਲੀਸ ਨੇ ਕਥਿਤ ਝੂਠੇ ਕੇਸ ’ਚ ਗ੍ਰਿ੍ਫ਼ਤਾਰ ਕਰਕੇ ਜੇਲ੍ਹ ’ਚ ਡੱਕਿਆ ਹੋਇਆ ਹੈ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਆਗੂ ਜਲਦੀ ਰਿਹਾਅ ਨਾ ਕੀਤੇ ਗਏ ਤਾਂ ਉਹ ਜਲਦੀ ਹੀ ਹੋਰਨਾਂ ਰੇਲਵੇ ਟਰੈਕਾਂ ’ਤੇ ਵੀ ਧਰਨਾ ਦੇ ਕੇ ਰੇਲ ਆਵਾਜਾਈ ਠੱਪ ਕਰ ਦੇਣਗੇ।
ਮਨਜੀਤ ਘੁਮਾਣਾ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਮੁਹਾਲੀ ਤੋਂ ਚੁੱਕਣ ਸਬੰਧੀ ਪੰਜਾਬ ਸਰਕਾਰ ਨੇ ਵੀ ਚੁੱਪ ਧਾਰੀ ਹੋਈ ਹੈ। ਆਗੂਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਅਨੀਸ਼ ਖਟਕੜ ਨੇ ਤਾਂ ਮਹੀਨੇ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ਵੀ ਰੱਖੀ ਹੋਈ ਹੈ। ਇਸ ਦੇ ਬਾਵਜੂਦ ਦੋਵਾਂ ਰਾਜਾਂ ਦੀਆਂ ਸਰਕਾਰਾਂ ਸੁਹਿਰਦ ਨਹੀਂ ਹਨ। ਕਿਸਾਨ ਆਗੂਆਂ ਨੇ ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ’ਚ ਭਾਜਪਾ ਆਗੂਆਂ ਵੱਲੋਂ ਕਿਸਾਨਾਂ ’ਤੇ ਕਥਿਤ ਪਥਰਾਓ ਕਰਨ ਦੀ ਨਿੰਦਾ ਕਰਦਿਆਂ ਭਾਜਪਾ ਨੂੰ ਅਜਿਹੇ ਵਤੀਰੇ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ।