ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 20 ਅਪਰੈਲ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੈ ਸਿੰਘ ਨੇ ਕਿਹਾ ਕਿ ਅਖੌਤੀ ਸ਼ਰਾਬ ਘੁਟਾਲੇ ਦੇ ਮੁੱਖ ਮੁਲਜ਼ਮ ਸ਼ਰਤ ਰੈੱਡੀ ਨੇ ਮਨਜ਼ੂਰੀ ਦੇਣ ਤੋਂ ਬਾਅਦ ਭਾਜਪਾ ਨੂੰ 60 ਕਰੋੜ ਰੁਪਏ ਦਿੱਤੇ ਸਨ ਅਤੇ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਇਹ ਗੱਲ ਸਵੀਕਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਟਰਵਿਊ ’ਚ ਅਮਿਤ ਸ਼ਾਹ ਨੇ ਮੰਨਿਆ ਹੈ ਕਿ ਸਰਕਾਰੀ ਗਵਾਹ ਬਣਨ ਤੋਂ ਬਾਅਦ ਸ਼ਰਤ ਰੈੱਡੀ ਨੇ ਇਹ ਪੈਸਾ ਭਾਜਪਾ ਦੀ ਮੱਧ ਪ੍ਰਦੇਸ਼ ਇਕਾਈ ਨੂੰ ਦਿੱਤਾ। ਅਮਿਤ ਸ਼ਾਹ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਗਵਾਹ ਬਣਨ ਦਾ ਮਤਲਬ ਅਪਰਾਧ ਕਬੂਲ ਕਰਨਾ ਹੈ। ਜੇਕਰ ਅਜਿਹਾ ਹੈ ਤਾਂ ਭਾਜਪਾ ਨੇ ਸ਼ਰਤ ਰੈੱਡੀ ਤੋਂ ਚੰਦਾ ਕਿਉਂ ਲਿਆ? ਇਸ ਤੋਂ ਬਾਅਦ ਸ਼ਾਹ ਭਾਜਪਾ ਦਾ ਬਚਾਅ ਕਰਦਿਆਂ ਕਹਿੰਦੇ ਹਨ ਕਿ ਜੇਕਰ ਸ਼ਰਤ ਰੈੱਡੀ ਦੋਸ਼ੀ ਸੀ ਤਾਂ ਉਸ ਨੂੰ ਚੰਦਾ ਨਹੀਂ ਦੇਣਾ ਚਾਹੀਦਾ ਸੀ। ਸਾਫ਼ ਹੈ ਕਿ ਉਹ ਝੂਠ ਬੋਲ ਕੇ ਦੇਸ਼ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ, ‘ਸਬੂਤਾਂ ਦੇ ਬਾਵਜੂਦ ਈਡੀ ਭਾਜਪਾ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਜਦੋਂਕਿ ਬਿਨਾਂ ਸਬੂਤਾਂ ਦੇ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’
ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਬੀਤੇ ਦਿਨ ਅਮਿਤ ਸ਼ਾਹ ਨੇ ਇਕ ਟੀਵੀ ਚੈਨਲ ’ਤੇ ਖੁੱਲ੍ਹੇਆਮ ਝੂਠ ਬੋਲ ਕੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕੀਤਾ ਅਤੇ ਭਾਜਪਾ ’ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਰਿਸ਼ਵਤ ਲੈਣ ਦੇ ਪੁਖਤਾ ਤੱਥ ਹਨ। ਸੰਜੈ ਸਿੰਘ ਨੇ ਕਿਹਾ ਕਿ ਸ਼ਰਤ ਚੰਦਰ ਰੈੱਡੀ ਨੂੰ ਦਿੱਲੀ ਵਿਚ ਠੇਕਾ ਮਿਲਣ ਤੋਂ ਬਾਅਦ ਇਸ ਨੇ ਨਵੰਬਰ 2021 ਤੋਂ ਜੁਲਾਈ 2022 ਦਰਮਿਆਨ ਭਾਜਪਾ ਨੂੰ 5 ਕਰੋੜ ਰੁਪਏ ਦਾਨ ਕੀਤੇ। 12 ਜਨਵਰੀ ਨੂੰ ਵੀ ਭਾਜਪਾ ਨੂੰ ਚੰਦਾ ਦਿੱਤਾ ਸੀ। 12 ਜੁਲਾਈ ਨੂੰ ਭਾਜਪਾ ਨੂੰ 1.5 ਕਰੋੜ ਰੁਪਏ ਦਾਨ ਕੀਤੇ ਸਨ। ਜਦੋਂ ਦਿੱਲੀ ਵਿੱਚ ਸ਼ਰਤ ਰੈੱਡੀ ਦਾ ਠੇਕਾ ਚੱਲ ਰਿਹਾ ਸੀ ਤਾਂ ਉਹ ਭਾਜਪਾ ਨੂੰ ਰਿਸ਼ਵਤ ਦੇ ਰਿਹਾ ਸੀ। ਜਦੋਂ 9 ਨਵੰਬਰ 2022 ਨੂੰ ਉਸ ਦੇ ਘਰ ਛਾਪਾ ਮਾਰਿਆ ਗਿਆ ਤਾਂ ਸ਼ਰਤ ਰੈੱਡੀ ਨੇ ਕਿਹਾ ਕਿ ਉਸ ਨੇ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ ਸੀ। ਸ਼ਰਤ ਰੈੱਡੀ ਨੂੰ 10 ਨਵੰਬਰ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ 15 ਨਵੰਬਰ 2022 ਨੂੰ ਉਸ ਨੇ ਦੁਬਾਰਾ ਭਾਜਪਾ ਨੂੰ 5 ਕਰੋੜ ਰੁਪਏ ਦਾਨ ਕੀਤੇ।