ਗਗਨਦੀਪ ਅਰੋੜਾ
ਲੁਧਿਆਣਾ, 20 ਅਪਰੈਲ
ਘੁਮਾਰ ਮੰਡੀ ਇਲਾਕੇ ’ਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਸ਼ਰਾਬ ਦੇ ਨਸ਼ੇ ’ਚ ਕਾਰ ਖੰਭੇ ’ਚ ਮਾਰ ਦਿੱਤੀ। ਟੱਕਰ ਤੋਂ ਬਾਅਦ ਖੰਭਾ ਟੁੱਟ ਗਿਆ ਤੇ ਕਾਰ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਕਾਰ ਚਾਲਕ ਨੂੰ ਕੁਝ ਹੋਸ਼ ਨਹੀਂ ਸੀ ਤੇ ਉਹ ਟੱਕਰ ਹੋਣ ਤੋਂ ਬਾਅਦ ਕਾਰ ਉਥੇ ਛੱਡ ਕੇ ਫ਼ਰਾਰ ਹੋ ਗਿਆ। ਬਿਜਲੀ ਦੇ ਖੰਭੇ ਸੜਕ ’ਤੇ ਡਿੱਗਣ ਕਾਰਨ ਧਮਾਕਾ ਹੋਇਆ ਅਤੇ ਇਲਾਕੇ ਦੀ ਬਿਜਲੀ ਬੰਦ ਹੋ ਗਈ। ਇਸ ਤੋਂ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਣ ਵਾਲੀ ਚੌਕੀ ਘੁਮਾਰ ਮੰਡੀ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਬਿਜਲੀ ਵਿਭਾਗ ਨੂੰ ਬੁਲਾਇਆ। ਘੁਮਾਰ ਮੰਡੀ ਇਲਾਕੇ ਵਿੱਚ ਬਿਜਲੀ ਦੀ ਸਪਲਾਈ 8 ਘੰਟੇ ਦੇ ਕਰੀਬ ਬੰਦ ਰਹੀ, ਜਿਸ ਕਰਕੇ ਦੁਕਾਨਦਾਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰਵਾਉਣ ਤੋਂ ਬਾਅਦ ਕਾਰ ਨੂੰ ਬਿਜਲੀ ਕਰਮੀਆਂ ਨੇ ਚੁਕਵਾ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਕਾਰ ਕਬਜ਼ੇ ’ਚ ਲੈ ਕੇ ਚਾਲਕ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕਾਰ ਚਾਲਕ ਸ਼ਰਾਬ ਦੇ ਨਸ਼ੇ ’ਚ ਇੰਨਾ ਬੇਸੁੱਧ ਸੀ ਕਿ ਕਾਰ ਇੱਕ ਖੰਭੇ ਨਾਲ ਟਕਰਾ ਗਈ। ਇਸ ਤੋਂ ਬਾਅਦ ਵੀ ਉਹ ਟਲਿਆ ਨਹੀਂ ਤੇ ਤੇਜ਼ ਰਫ਼ਤਾਰ ਨਾਲ ਕਾਰ ਦੂਜੇ ਖੰਭੇ ’ਚ ਮਾਰ ਦਿੱਤੀ। ਇਸ ਦੌਰਾਨ ਦੋਵੇਂ ਖੰਭੇ ਟੁੱਟ ਕੇ ਸੜਕ ’ਤੇ ਜਾ ਡਿੱਗੇ ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਧਮਾਕੇ ਦੀ ਆਵਾਜ਼ ਆਉਣ ਤੋਂ ਤੁਰੰਤ ਬਾਅਦ ਇਲਾਕੇ ਦੀ ਬਿਜਲੀ ਬੰਦ ਹੋ ਗਈ, ਜਿਸ ਕਾਰਨ ਇਲਾਕੇ ਦੇ ਲੋਕ ਬਾਹਰ ਆ ਗਏ। ਬਿਜਲੀ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।