ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਪਰੈਲ
ਦਿੱਲੀ ਦੇ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਦੇ ਅਧਿਕਾਰੀਆਂ ਨੂੰ ਬੰਬ ਦੀ ਧਮਕੀ ਮਿਲਣ ‘ਤੇ ਸਕੂਲ ਦੇ ਬਾਹਰ ਮਾਪਿਆਂ ਦਾ ਇਕੱਠ ਹੋ ਗਿਆ। ਇਸ ਦੌਰਾਨ ਸੜਕਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਉਧਰ, ਅਹਾਤੇ ਦੀ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੂੰ ਬੁੱਧਵਾਰ ਸਵੇਰੇ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਪੁਲੀਸ ਡਿਪਟੀ ਕਮਿਸ਼ਨਰ (ਦੱਖਣ-ਪੂਰਬੀ) ਰਾਜੇਸ਼ ਦਿਓ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਸਕੂਲ ਪ੍ਰਸ਼ਾਸਨ ਦੇ ਅਧਿਕਾਰਤ ਈਮੇਲ-ਆਈਡੀ ‘ਤੇ ਬੰਬ ਦੀ ਧਮਕੀ ਮਿਲੀ ਸੀ ਤੇ ਪੁਲੀਸ ਨੂੰ ਸਵੇਰੇ 8 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਥਾਨਕ ਪੁਲੀਸ, ਇੱਕ ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਤੇ ਇੱਕ ਸਵੈਟ ਟੀਮ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸਕੂਲ ਦੇ ਅਹਾਤੇ ਦੀਆਂ ਸਾਰੀਆਂ ਇਮਾਰਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਸਕੂਲ ਦੀ ਵੀ ਤਲਾਸ਼ੀ ਲਈ ਗਈ। ਬੰਬ ਦੀ ਧਮਕੀ ਦੀ ਖ਼ਬਰ ਫੈਲਦਿਆਂ ਹੀ ਘਬਰਾਏ ਹੋਏ ਮਾਪੇ ਸਕੂਲ ਦੇ ਬਾਹਰ ਇਕੱਠੇ ਹੋ ਗਏ ਤੇ ਆਪਣੇ ਬੱਚਿਆਂ ਨੂੰ ਘਰ ਲੈ ਗਏ। ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਤੇ ਅੱਗ ਬੁਝਾਊ ਵਿਭਾਗ ਨੂੰ ਸਵੇਰੇ 8 ਵਜੇ ਦੇ ਕਰੀਬ ਖਤਰੇ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਟੈਂਡਰ ਨੂੰ ਮੌਕੇ ‘ਤੇ ਭੇਜਿਆ ਗਿਆ। ਬੰਬ ਦੀ ਧਮਕੀ ਕਾਰਨ ਸਕੂਲ ਨੇੜਲੀਆਂ ਸੜਕਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਇਸ ਕਾਰਨ ਬੱਚਿਆਂ ਦੇ ਮਾਪੇ ਘਬਰਾ ਗਏ। ਉਹ ਆਪਣੇ ਕੰਮ ਕਾਰ ਛੱਡ ਕੇ ਆਪਣੇ ਲਾਡਲਿਆਂ ਨੂੰ ਲੈਣ ਲਈ ਸਕੂਲ ਵੱਲ ਨੂੰ ਭੱਜੇ। ਇਸ ਕਾਰਨ ਕਈ ਥਾਈਂ ਸੜਕਾਂ ‘ਤੇ ਜਾਮ ਵੀ ਲੱਗ ਗਿਆ। ਜਾਮ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸ ਸਾਲ ਦਿੱਲੀ ਦੇ ਸਾਦਿਕ ਨਗਰ ਵਿੱਚ ਭਾਰਤੀ ਸਕੂਲ ਨੂੰ ਦੋ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਅਪਰੈਲ ਵਿੱਚ ਅਤੇ ਨਵੰਬਰ 2022 ਵਿੱਚ ਦਿ ਇੰਡੀਅਨ ਸਕੂਲ ਨੂੰ ਧਮਕੀ 12 ਅਪਰੈਲ ਨੂੰ ਇੱਕ ਈਮੇਲ ਰਾਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ। ਮੇਲ ਨੂੰ ਬਾਅਦ ਵਿੱਚ ਇੱਕ ਧੋਖਾ ਕਰਾਰ ਦਿੱਤਾ ਗਿਆ ਸੀ।