ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਪਰੈਲ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਮੇਨ ਜੀਟੀ ਰੋਡ ਜੱਸੀਆਂ ਕੱਟ ਨੇੜੇ ਠੇਕਾ ਸ਼ਰਾਬ ਮੌਜੂਦ ਸੀ ਤਾਂ ਪਿੰਡ ਜੱਸੀਆਂ ਵਾਲੇ ਪਾਸਿਓਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ, ਜੋ ਸਾਹਮਣੇ ਖੜ੍ਹੀ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ ਤਾਂ ਅਰੁਣ ਸਿੰਘ ਵਾਸੀ ਪਿੰਡ ਜੱਸੀਆਂ ਅਰੋੜਾ ਕਲੋਨੀ ਅਤੇ ਸੂਰਜ ਕੁਮਾਰ ਵਾਸੀ ਪਿੰਡ ਬੌਂਕੜ ਡੋਗਰਾਂ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਸਾਢੇ ਵੀਹ ਕਿੱਲੋਂ ਭੁੱਕੀ ਬਰਾਮਦ ਹੋਈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਸਾਢੇ ਚਾਰ ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਨੇੜੇ ਟੀ-ਪੁਆਇੰਟ ਢੰਡਾਰੀ ਪੁੱਲ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਸ਼ੇਰਪੁਰ ਵਾਲੀ ਸਾਈਡ ਤੋਂ ਢੰਡਾਰੀ ਖੁਰਦ ਵਾਲੀ ਪਾਸੇ ਇੱਕ ਲੜਕਾ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਅੱਗੇ ਖੜ੍ਹੀ ਪੁਲੀਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਪਾਸੋਂ ਚੈਕਿੰਗ ਦੌਰਾਨ ਸਾਢੇ ਚਾਰ ਕਿੱਲੋ ਗਾਂਜਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸੁਲਤਾਨ ਅਨਸਾਰੀ ਵਾਸੀ ਪਿੰਡ ਮੇਹਰਬਾਨ ਨੇੜੇ ਗੁਰਦੁਆਰਾ ਸਾਹਿਬ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।