ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਅਪਰੈਲ
ਇਥੇ ਸੀਆਈਏ ਸਟਾਫ਼ ਤੇ ਸਿਟੀ ਦੱਖਣੀ ਪੁਲੀਸ ਨੇ ਪੰਜ ਮੈਂਬਰੀ ਲੁਟੇਰਾ ਗਰੋਹ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਗਰੋਹ ਕੋਲੋਂ ਕੁਝ ਦਿਨ ਪਹਿਲਾਂ ਥੋਕ ਕਰਿਆਨਾ ਵਪਾਰੀ ਤੋਂ ਲੁੱਟੀ ਰਕਮ ’ਚੋਂ 2.50 ਲੱਖ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਥੇ ਪ੍ਰੈਸ ਕਾਨਫਰੰਸ ਵਿਚ ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਪੀ (ਆਈ) ਡਾ.ਬਾਲ ਕ੍ਰਿਸ਼ਨ ਸਿੰਗਲਾ, .ਡੀਐਸਪੀ (ਆਈ) ਹਰਿੰਦਰ ਸਿੰਘ ਡੋਡ,ਡੀਐੱਸਪੀ ਸਿਟੀ ਰਵਿੰਦਰ ਸਿੰਘ, ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ, ਥਾਣਾ ਸਿਟੀ ਦੱਖਣੀ ਪੁਲੀਸ ਮੁਖੀ ਇੰਸਪੇਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ 18 ਅਪਰੈਲ ਸ਼ਾਮ ਨੂੰ ਥੋਕ ਕਰਿਆਨਾ ਵਪਾਰੀ ਕਮਲ ਕੁਮਾਰ ਉਰਫ ਵਿੱਕੀ ਕੋਲੋਂ ਨਕਾਬਪੋਸ਼ ਮੋਟਰ ਸਾਈਕਲ ਸਵਾਰ 6 ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਗਰੋਹ ਦਾ ਮੁੱਖ ਸਰਗਨਾ ਪੀੜਤ ਥੋਕ ਵਪਾਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਪਰ ਉਹ ਨਸ਼ੇ ਕਰਨ ਲੱਗ ਗਿਆ ਤਾਂ ਉਸ ਨੂੰ ਹਟਾ ਦਿੱਤਾ ਸੀ। ਉਸ ਨੂੰ ਵਪਾਰੀ ਦੀ ਰੋਜ਼ਾਨਾ ਦੀ ਵੱਟਤ ਤੇ ਆਉੂਣ ਜਾਣ ਬਾਰੇ ਭੇਦ ਸੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਨਾਲ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪ ਲਈ ਤੇ ਉਨ੍ਹਾਂ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਘਵੀਰ ਸਿੰਘ ਉਰਫ ਰਵੀ ਪਿੰਡ ਬਹੋਨਾ, ਕਰਨ ਕੁਮਾਰ ਉਰਫ ਹਨੀ ਲਹੌਰੀਆ ਮੁਹੱਲਾ ਮੋਗਾ, ਅਰਸ਼ਦੀਪ ਸਿੰਘ ਉਰਫ ਦੀਪੂ ਵਾਸੀ ਪ੍ਰੀਤ ਨਗਰ ਮੋਗਾ, ਅਕਾਸ਼ ਕੁਮਾਰ ਵਾਸੀ ਬੱਗੇਆਣਾ ਬਸਤੀ ਮੋਗਾ ਤੇ ਰਜਿੰਦਰ ਸਿੰਘ ਵਾਸੀ ਬਹੋਨਾ ਚੌਕ ਪਹਾੜਾ ਸਿੰਘ ਬਸਤੀ ਮੋਗਾ ਵੱਜੋ ਹੋਈ ਹੈ।