ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 30 ਅਪਰੈਲ
ਕਾਂਗਰਸ ਛੱਡ ਕੇ ਭਾਜਪਾ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਐੱਮਪੀ ਰਵਨੀਤ ਬਿੱਟੂ ਨੇ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਥੋਂ ਉਮੀਦਵਾਰ ਬਣਾਏ ਜਾਣ ਨੂੰ ਲੁਧਿਆਣਾ ਹਲਕੇ ਦੇ ਪਹਿਲੀ ਕਤਾਰ ਦੇ ਕਾਂਗਰਸੀ ਆਗੂਆਂ ਤੇ ਵੋਟਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੋਟਰਾਂ ਦਾ ਨਿਰਾਦਰ ਹੈ ਜਿਹੜੇ ਹੁਣ ਤੱਕ ਉਮੀਦਵਾਰਾਂ ਨੂੰ ਜਿਤਾਉਂਦੇ ਰਹੇ ਹਨ। ਬਿੱਟੂ ਇੱਥੋਂ ਦੇ ਸਨਅਤਕਾਰ ਪਰਿਵਾਰ ਦੇ ਮੁਖੀ ਸਵਰਗਵਾਸੀ ਖੇਤਪਾਲ ਘਲੋਟੀ ਦੀ ਬਰਸੀ ਮਗਰੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਸਤਾਨਾ ਮੈਚ ਖੇਡ ਰਹੇ ਹਨ। ਸ੍ਰੀ ਬਿੱਟੂ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਰਾਜਾ ਵੜਿੰਗ ਦੇ ਪੋਤੜੇ ਫਰੋਲਣੇ ਸ਼ੁਰੂ ਕੀਤੇ ਤਾਂ ਉਹ ਵੀ ਚੋਣ ਵਿਚਾਲੇ ਛੱਡ ਕੇ ਭੱਜ ਜਾਵੇਗਾ।