ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਮਈ
ਪੰਜਾਬ ਵਿੱਚ ਚੋਣਾਂ ਦਾ ਨੋਟੀਫਿਕੇਸ਼ਨ ਹੋ ਜਾਣ ਤੋਂ ਬਾਅਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਮੀਦਵਾਰਾਂ ਨੇ ਜਲੰਧਰ ਲੋਕ ਸਭਾ ਹਲਕੇ ਵਿੱਚ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਇੱਕ-ਇੱਕ ਗੇੜਾ ਕੱਢ ਲਿਆ ਹੈ ਤੇ ਹੁਣ ਦੂਜਾ ਤੇ ਤੀਜਾ ਗੇੜਾ ਮਾਰ ਰਹੇ ਹਨ। ਹਾਲਾਂਕਿ ਚੋਣ ਪ੍ਰਚਾਰ ਹਾਲੇ ਵੀ ਭਖਿਆ ਨਹੀਂ ਤੇ ਨਾ ਹੀ ਉਮੀਦਵਾਰਾਂ ਵੱਲੋਂ ਕੌਮੀ ਮੁੱਦਿਆ ’ਤੇ ਗੱਲ ਹੋ ਰਹੀ ਹੈ। ਉਮੀਦਵਾਰ ਸਥਾਨਕ ਮੁੱਦਿਆਂ ਨੂੰ ਹੀ ਤਰਜੀਹ ਦੇ ਰਹੇ ਹਨ।
ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਪਰ ਇਹ ਸਾਰੇ ਮੁੱਦੇ ਹੀ ਲੋਕਲ ਪੱਧਰ ਦੇ ਹਨ। ਚਰਨਜੀਤ ਸਿੰਘ ਚੰਨੀ ਨੇ ਅੱਜ ਪਿੰਡ ਭੱਟੀਆਂ, ਕਿਸ਼ਨਗੜ੍ਹ ਅਤੇ ਸ਼ਹਿਰ ਦੇ ਆਲੇ -ਦੁਆਲੇ ਦੇ ਇਲਾਕਿਆਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਕੀਤੀਆਂ। ਉਹ ਜਿਹੜੇ ਵੀ ਪਿੰਡ ਵਿੱਚ ਜਾਂਦੇ ਹਨ ਤਾਂ ਉਥੇ ਇੱਕਠ ਵਿੱਚ ਔਰਤਾਂ ਨੂੰ ਜਾ ਕੇ ਮਿਲਦੇ ਹਨ ਤੇ ਉਨ੍ਹਾਂ ਨੂੰ ਕਹਿੰਦੇ ਹਨ ਕਿ ‘ਆਪ’ ਨੇ ਜੋ ਇੱਕ-ਇੱਕ ਹਾਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਨਹੀਂ ਆਉਣੇ ਕਿਉਂਕਿ ਦੋ ਸਾਲ ਤਾਂ ਬੀਤ ਗਏ ਹਨ। ਚੰਨੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ 2026 ਤੱਕ ਇਸ ਵਾਅਦੇ ਨੂੰ ਲਟਕਾਈ ਰੱਖਣਗੇ ਕਿਉਕਿ ਫਿਰ ਤਾਂ 2027 ਦੀਆਂ ਚੋਣਾਂ ਸਿਰ ’ਤੇ ਹੋਣਗੀਆਂ। ਦੂਜੀ ਗੱਲ ਉਹ ਸਰਕਾਰੀ ਹਸਪਤਾਲ ਦੀ ਕਰਦੇ ਹਨ ਕਿ ਲੋਕ ਸਭਾ ਹਲਕੇ ਵਿੱਚ ਚੰਗੇ ਸਰਕਾਰੀ ਹਸਪਤਾਲ ਹੋਣ। ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਹਲਕੇ ਵਿੱਚ ਇੱਕ ਵੱਡੀ ਸਰਕਾਰੀ ਯੂਨੀਵਰਸਿਟੀ ਖੋਲ੍ਹਣ ਦੀ ਵੀ ਚਰਚਾ ਕਰਦੇ ਹਨ। ਉਹ ਲੋਕਾਂ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਉਹ ਜਲੰਧਰ ਦੇ ਵਿਦਿਆਰਥੀਆਂ ਨੂੰ ਵਧੀਆ ਤੇ ਮਿਆਰੀ ਪੜ੍ਹਾਈ ਕਰਵਾਉਣ ਦੀ ਇੱਛਾ ਰੱਖਦੇ ਹਨ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੀ ਸਥਾਨਕ ਮੁੱਦਿਆਂ ’ਤੇ ਹੀ ਚਰਚਾ ਕਰਦੇ ਹਨ। ਉਹ ਜਲੰਧਰ ਨੂੰ ਖੂਬਸੂਰਤ ਸ਼ਹਿਰ ਬਣਾਉਣ ਦਾ ਵਾਅਦਾ ਕਰਦੇ ਹਨ ਤੇ ਚੰਗੀਆਂ ਸਿਹਤ ਸਹੂਲਤਾਂ ਤੇ ਚੰਗੀ ਸਿਖਿਆ ਦੇਣ ਲਈ ਬੇਹਤਰੀਨ ਸਰਕਾਰੀ ਸਕੂਲ ਖੋਹਲਣ ਦਾ ਭਰੋਸਾ ਦਿੰਦੇ ਹਨ। ਖੇਤਰੀ ਪਾਰਟੀਆਂ ਨੂੰ ਬਚਾਉਣ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦੇ ਹਨ।