ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਈ
ਉਮੀਦਵਾਰਾਂ ਦੇ ਚੋਣ ਖ਼ਰਚਿਆਂ ’ਤੇ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਖ਼ਰਚਾ ਆਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਆਈ.ਆਰ.ਐੱਸ ਅਫ਼ਸਰ ਮੀਤੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਖ਼ਰਚਾ ਨਿਗਰਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ਼ੌਕਤ ਅਹਿਮਦ ਪਰੇ ਨੇ ਖ਼ਰਚਾ ਨਿਗਰਾਨ ਨੂੰ ਜ਼ਿਲ੍ਹੇ ’ਚ ਚੋਣ ਤਿਆਰੀਆਂ, ਉਡਣ ਦਸਤਿਆਂ ਤੇ ਹੋਰ ਟੀਮਾਂ ਦੀ ਕਾਰਗੁਜ਼ਾਰੀ ਤੇ ਸੁਰੱਖਿਆ ਵਿਵਸਥਾ, ਸੁਰੱਖਿਆ ਫੋਰਸ ਦੀ ਤਾਇਨਾਤੀ ਬਾਰੇ ਮੁਕੰਮਲ ਜਾਣਕਾਰੀ ਦਿੱਤੀ।ਮੀਤੂ ਅਗਰਵਾਲ ਨੇ ਚੋਣਾਂ ਨੂੰ ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ ਦੇ ਖ਼ਰਚੇ ’ਤੇ ਨਿਗਾਹ ਰੱਖਣ ਲਈ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਸੀ ਤਾਲਮੇਲ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 95 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਚੋਣ ਸਰਗਰਮੀਆਂ ਚਲਾਉਣ ਅਤੇ ਚੋਣ ਖ਼ਰਚੇ ਲਈ ਵੱਖਰਾ ਖਾਤਾ ਵੀ ਖੁਲਵਾਉਣ। ਸ਼ੌਕਤ ਅਹਿਮਦ ਪਰੇ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ ’ਚ ਆਜ਼ਾਦ ਤੇ ਨਿਰਪੱਖ ਲੋਕ ਸਭਾ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ ਸਮੇਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
ਖ਼ਰਚਾ ਅਬਜ਼ਰਵਰ ਵਲੋਂ ਮੀਡੀਆ ਸਰਟੀਫਿਕੇਸ਼ਨ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਨਿਯੁਕਤ ਕੀਤੇ ਗਏ ਖ਼ਰਚਾ ਅਬਜ਼ਰਵਰ ਮੀਤੂ ਅਗਰਵਾਲ ਨੇ ਮੁੱਲ ਦੀਆਂ ਖ਼ਬਰਾਂ ’ਤੇ ਨਜ਼ਰ ਰੱਖਣ ਲਈ ਬਣਾਈ ਗਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੇ ਸੈੱਲ ਦਾ ਦੌਰਾ ਕਰਕੇ ਕੰਮ-ਕਾਜ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਦਾਇਤ ਕੀਤੀ ਕਿ ਮੀਡੀਆ ਦੇ ਵੱਖ-ਵੱਖ ਸਾਧਨਾਂ ਜਿਵੇਂ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਵਿੱਚ ਪ੍ਰਕਾਸ਼ਿਤ, ਪ੍ਰਦਰਸ਼ਤ ਅਤੇ ਪ੍ਰਸਾਰਿਤ ਹੋਣ ਵਾਲੀਆਂ ਸੰਭਾਵਿਤ ਮੁੱਲ ਦੀਆਂ ਖ਼ਬਰਾਂ ਆਦਿ ਉਪਰ ਪੈਨੀ ਨਜ਼ਰ ਰੱਖੀ ਜਾਵੇ। ਸ਼ੱਕੀ ਮੁੱਲ ਦੀਆਂ ਖ਼ਬਰਾਂ ਸਾਹਮਣੇ ਆਉਣ ’ਤੇ ਜਿੱਥੇ ਇਸ ਦਾ ਖ਼ਰਚਾ ਉਮੀਦਵਾਰ ਦੇ ਖ਼ਰਚੇ ਵਿੱਚ ਜੁੜੇਗਾ, ਉਥੇ ਹੀ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਕੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।