ਪੇਈਚਿੰਗ, 10 ਮਈ
ਚੀਨ ਦੇ ਭਾਰਤ ’ਚ ਨਿਯੁਕਤ ਕੀਤੇ ਗਏ ਨਵੇਂ ਸਫ਼ੀਰ ਸ਼ੂ ਫੇਈਹੋਂਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਵਾਰਤਾ ਰਾਹੀਂ ਖਾਸ ਮੁੱਦਿਆਂ ਦੇ ਹੱਲ ਲਈ ਕੰਮ ਕਰਨ ਵਾਸਤੇ ਤਿਆਰ ਹੈ। ਫੇਈਹੋਂਗ ਨੇ ਦਿੱਲੀ ’ਚ ਆਪਣੀ ਤਾਇਨਾਤੀ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੁਵੱਲੇ ਸਬੰਧਾਂ ’ਚ ਸੁਧਾਰ ਲਈ ਉਨ੍ਹਾਂ ਨੂੰ ਖਾਸ ਮਿਸ਼ਨ ਲਈ ਚੁਣਿਆ ਗਿਆ ਹੈ। ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦੋਵੇਂ ਮੁਲਕਾਂ ਦੇ ਲੋਕਾਂ ਵਿਚਕਾਰ ਦੋਸਤੀ ਹੋਰ ਗੂੜ੍ਹੀ ਕਰਨ ਅਤੇ ਵੱਖ ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕੰਮ ਕਰਨਗੇ। ਸ਼ੂ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਅਤੇ ਰੋਮਾਨੀਆ ’ਚ ਚੀਨ ਦੇ ਸਫ਼ੀਰ ਰਹੇ ਹਨ। ਉਨ੍ਹਾਂ ਹੁਕਮਰਾਨ ਕਮਿਊਨਿਸਟ ਪਾਰਟੀ ਆਫ਼ ਚੀਨ ’ਚ ਸੀਨੀਅਰ ਅਹੁਦਿਆਂ ’ਤੇ ਵੀ ਕੰਮ ਕੀਤਾ ਹੈ। ਉਹ ਸੁਨ ਵੇਈਡੋਂਗ ਦੀ ਥਾਂ ਲੈਣਗੇ ਜਿਨ੍ਹਾਂ ਦਾ ਅਕਤੂਬਰ 2022 ’ਚ ਕਾਰਜਕਾਲ ਸਮਾਪਤ ਹੋ ਗਿਆ ਸੀ ਅਤੇ ਉਹ ਮੌਜੂਦਾ ਸਮੇਂ ’ਚ ਚੀਨ ਦੇ ਉਪ ਵਿਦੇਸ਼ ਮੰਤਰੀ ਹਨ। ਸ਼ੂ ਨੂੰ 18 ਮਹੀਨਿਆਂ ਦੀ ਦੇਰੀ ਨਾਲ ਭਾਰਤ ਦਾ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਅਹਿਮ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਦੋਵੇਂ ਮੁਲਕਾਂ ਵਿਚਕਾਰ ਲੱਦਾਖ ’ਚ ਟਕਰਾਅ ਚੱਲ ਰਿਹਾ ਹੈ। -ਪੀਟੀਆਈ