ਨਵੀਂ ਦਿੱਲੀ, 11 ਮਈ
ਮਸ਼ਹੂਰ ਅੰਗਰੇਜ਼ੀ ਲੇਖਕ ਰਸਕਿਨ ਬਾਂਡ ਨੂੰ ਅੱਜ ਉਨ੍ਹਾਂ ਦੇ ਮਸੂਰੀ ਸਥਿਤ ਘਰ ਵਿੱਚ ਵੱਕਾਰੀ ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਸਤੰਬਰ 2021 ਵਿੱਚ ਬਾਂਡ ਨੂੰ ਅਕਾਦਮੀ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਇਹ ਸਨਮਾਨ ਨਹੀਂ ਦਿੱਤਾ ਜਾ ਸਕਿਆ ਸੀ। ਅਕਾਦਮੀ ਨੇ ਅੱਜ ਇਕ ਬਿਆਨ ਵਿੱਚ ਕਿਹਾ, ‘‘ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਅਤੇ ਸਕੱਤਰ ਕੇ ਸ੍ਰੀਨਿਵਾਸਰਾਓ ਨੇ ਅੱਜ ਬਾਂਡ ਨੂੰ ਉਨ੍ਹਾਂ ਦੇ ਘਰ ਜਾ ਕੇ ਇਹ ਸਨਮਾਨ ਦਿੱਤਾ।’’ ਬਾਂਡ ਦਾ ਜਨਮ 19 ਮਈ 1934 ਨੂੰ ਕਸੌਲੀ (ਹਿਮਾਚਲ ਪ੍ਰਦੇਸ਼) ਵਿੱਚ ਹੋਇਆ ਸੀ। ਉਹ ਲਗਾਤਾਰ 50 ਸਾਲਾਂ ਤੋਂ ਵੱਧ ਸਮੇਂ ਤੋਂ ਸਰਗਰਮੀ ਨਾਲ ਸਾਹਿਤ ਲਿਖਦੇ ਆ ਰਹੇ ਹਨ, ਜਿਸ ਵਿੱਚ ਛੋਟੀਆਂ ਕਹਾਣੀਆਂ, ਬੱਚਿਆਂ ਦੀਆਂ ਕਿਤਾਬਾਂ, ਨਾਵਲ ਤੇ ਸਵੈ-ਜੀਵਨੀਆਂ ਆਦਿ ਸ਼ਾਮਲ ਹਨ। -ਪੀਟੀਆਈ