ਜਸਵੰਤ ਜੱਸ
ਫ਼ਰੀਦਕੋਟ, 11 ਮਈ
ਪਿੰਡ ਕੰਮਿਆਣੇ ਦੇ ਇੱਕ ਕਿਸਾਨ ਵੱਲੋਂ ਦੇਰ ਰਾਤ ਆਪਣੇ ਖੇਤ ਵਿੱਚ ਕਣਕ ਦੀ ਨਾੜ ਨੂੰ ਅੱਗ ਲਾਉਣ ਤੋਂ ਬਾਅਦ ਅਚਾਨਕ ਆਈ ਹਨੇਰੀ ਨੇ ਨਾਲ ਲੱਗਦੇ ਪਿੰਡ ਰੱਤੀ ਰੋੜੀ ਦੇ ਕੋਠਿਆਂ ਵਿੱਚ ਕੋਹਰਾਮ ਮਚਾ ਦਿੱਤਾ। ਤੇਜ਼ ਹਨੇਰੀ ਕਾਰਨ ਪਿੰਡ ਰੱਤੀ ਰੋੜੀ ਦੇ ਕੋਠਿਆਂ ਦੇ ਘਰਾਂ ਤੱਕ ਵੀ ਅੱਗ ਪੁੱਜ ਗਈ ਜਿਸ ਕਾਰਨ ਇੱਕ ਗਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਮਜ਼ਦੂਰਾਂ ਦੀ ਤੂੜੀ, ਬਾਲਣ ਅਤੇ ਘਰ ਦਾ ਸਾਮਾਨ ਸੜ ਗਿਆ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਤੁਰੰਤ ਜਾਣਕਾਰੀ ਪੁਲੀਸ ਅਤੇ ਅੱਗ ਬੁਝਾਊ ਦਸਤਿਆਂ ਨੂੰ ਦਿੱਤੀ। ਹਨੇਰੀ ਤੋਂ ਬਾਅਦ ਆਈ ਤੇਜ਼ ਬਾਰਿਸ਼ ਨੇ ਅਚਾਨਕ ਇਸ ਅੱਗ ’ਤੇ ਕਾਬੂ ਪਾ ਲਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਖੇਤਾਂ ਨੂੰ ਰਾਤ ਸਮੇਂ ਲਾਈ ਗਈ ਅੱਗ ਨਾਲ ਮਜ਼ਦੂਰਾਂ ਦੇ ਵਿਹੜਿਆਂ ਵਿੱਚ ਪਈ ਤੂੜੀ ਅਤੇ ਬਾਲਣ ਸੜ ਕੇ ਸੁਆਹ ਹੋ ਗਿਆ ਅਤੇ ਜਿਹੜੇ ਘਰਾਂ ਦੀਆਂ ਛੱਤਾਂ ਕਾਨਿਆਂ ਅਤੇ ਲੱਕੜਾਂ ਦੀਆਂ ਸਨ, ਉਨ੍ਹਾਂ ਨੂੰ ਵੀ ਨੁਕਸਾਨ ਪੁੱਜਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਰਾਤ ਹੀ ਅੱਗ ’ਤੇ ਕਾਬੂ ਪਾ ਲਿਆ ਸੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਅੱਗ ਲਾਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਅੱਗ ਵਿੱਚ ਕਿਸੇ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਇੱਕ ਪਸ਼ੂ ਦੀ ਮੌਤ ਹੋਈ ਹੈ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਸ ਅੱਗ ਲੱਗਣ ਦੀ ਘਟਨਾ ਕਾਰਨ ਸੌ ਤੋਂ ਵੱਧ ਰੁੱਖ ਵੀ ਸੜ ਕੇ ਸੁਆਹ ਹੋ ਗਏ ਹਨ।