ਡਾ. ਅਜੀਤਪਾਲ ਸਿੰਘ
ਭਾਰਤ ਵਿੱਚ ਇੱਕੀਵੀਂ ਸਦੀ ਵਿੱਚ ਵੀ ਔਰਤਾਂ ਆਪਣੀ ਮਨੋ-ਭਾਵਨਾਵਾਂ ਨੂੰ ਠੀਕ ਤਰ੍ਹਾਂ ਨਾਲ ਜ਼ਾਹਰ ਨਹੀਂ ਕਰ ਸਕਦੀਆਂ। ਉਹ ਅਜੇ ਵੀ ਆਜ਼ਾਦ ਨਹੀਂ ਹਨ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਮਨ ਹੀ ਮਨ ਵਿੱਚ ਦਬਾ ਕੇ ਰੱਖਦੀਆਂ ਤੇ ਤਣਾਅ ਵਿੱਚ ਰਹਿੰਦੀਆਂ ਹਨ, ਜਿਸ ਕਾਰਨ ਉਹ ਕਈ ਮਨੋਰੋਗਾਂ ਤੋਂ ਪੀੜਤ ਹੋ ਜਾਂਦੀਆਂ ਹਨ। ਮਨੋਵਿਗਿਆਨੀਆਂ ਅਨੁਸਾਰ ਜਵਾਨੀ ’ਚ ਜਦ ਜਿਨਸੀ ਇੱਛਾਵਾਂ ਨੂੰ ਦਬਾਇਆ ਜਾਂਦਾ ਹੈ ਤਾਂ ਹਿਸਟੀਰੀਆ ਰੋਗ ਪੈਦਾ ਹੁੰਦਾ ਹੈ ਪਰ ਹਿਸਟੀਰੀਆ ਮੁੱਖ ਤੌਰ ’ਤੇ ਇੱਕ ਮਾਨਸਿਕ ਰੋਗ ਹੈ, ਜਿਸ ਦਾ ਦਿਮਾਗ ਨਾਲ ਡੂੰਘਾ ਸਬੰਧ ਹੈ। ਪਰ ਇਸ ’ਚ ਵੀ ਕਿਸੇ ਕਿਸਮ ਦਾ ਸਥਾਈ ਮਾਨਸਿਕ ਵਿਗਾੜ ਨਹੀਂ ਪਾਇਆ ਜਾਂਦਾ। ਜ਼ਿਆਦਾਤਰ ਪੰਦਰਾਂ ਤੋਂ ਤੀਹ ਸਾਲ ਤੱਕ ਦੀਆਂ ਮੁਟਿਆਰਾਂ ਇਸ ਤੋਂ ਵੱਧ ਅਸਰਅੰਦਾਜ਼ ਹੁੰਦੀਆਂ ਹਨ ਪਰ ਜਦੋਂ ਤੱਕ ਔਰਤਾਂ ਨੂੰ ਮਾਹਵਾਰੀ (ਪੰਦਰਾਂ ਤੋਂ ਪੰਜਤਾਲੀ ਸਾਲ ਦੀ ਉਮਰ ਤੱਕ) ਹੁੰਦੀ ਰਹਿੰਦੀ ਹੈ ਉਦੋਂ ਤੱਕ ਵੀ ਇਸ ਰੋਗ ਦੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਕਾਰਨ: ਜਿਨਸੀ ਇੱਛਾਵਾਂ ਨੂੰ ਦਬਾ ਕੇ ਰੱਖਣ ’ਚ ਲੜਕੀਆਂ ਨੂੰ ਬਹੁਤ ਮਾਨਸਿਕ ਦਬਾਅ, ਤਣਾਅ ਤੇ ਸੰਘਰਸ਼ ਵਿੱਚ ਦੀ ਲੰਘਣਾ ਪੈਂਦਾ ਹੈ ਪਰ ਮਾਨਸਿਕ ਤਣਾਅ ਤੇ ਸੰਘਰਸ਼ ਦੇ ਵੱਧ ਹੋਣ ਕਰਕੇ ਜ਼ਿਆਦਾਤਰ ਲੜਕੀਆਂ ਨੂੰ ਹਿਸਟੀਰੀਆ ਰੋਗ ਪੈਦਾ ਹੁੰਦਾ ਹੈ। ਕਈ ਲੜਕੀਆਂ ਵੱਡੀ ਉਮਰ ਤੱਕ ਵਿਆਹ ਨਹੀਂ ਕਰਵਾਉਂਦੀਆਂ, ਅਜਿਹੀਆਂ ਲੜਕੀਆਂ ਵੀ ਆਪਣੀਆਂ ਜਿਨਸੀ ਇੱਛਾਵਾਂ ਨੂੰ ਦਬਾ ਕੇ ਰੱਖਦੀਆਂ ਹਨ ਤਾਂ ਮਾਨਸਿਕ ਤੌਰ ’ਤੇ ਹਿਸਟਰੀਆ ਰੋਗ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪਿਆਰ ’ਚ ਕਿਸੇ ਲੜਕੇ ਵੱਲੋਂ ਵਿਸ਼ਵਾਸਘਾਤ ਕਰਨ ’ਤੇ ਵੀ ਮੁਟਿਆਰਾਂ ਹਿਸਟੀਰੀਆ ਤੋਂ ਪੀੜਤ ਹੋ ਜਾਂਦੀਆਂ ਹਨ। ਔਰਤਾਂ ਜੋ ਯੋਨ ਸੁੱਖ ਤੋਂ ਵਾਂਝੀਆਂ ਰਹਿੰਦੀਆਂ ਹਨ, ਉਹ ਹੀਣ-ਭਾਵਨਾ ਨਾਲ ਗ੍ਰਸਤ ਹੋ ਜਾਂਦੀਆਂ ਹਨ ਜਾਂ ਔਰਤਾਂ ਨੂੰ ਕਾਮ ਵਾਸਨਾ ਤ੍ਰਿਪਤੀ ਨਾ ਹੋਣ ਕਰ ਕੇ ਮਾਨਸਿਕ ਤਣਾਅ ਰਹਿੰਦਾ ਹੈ, ਜੋ ਹਿਸਟਰੀਆ ਦਾ ਕਾਰਨ ਬਣਦਾ ਹੈ। ਸ਼ਾਦੀਸ਼ੁਦਾ ਔਰਤਾਂ ’ਚ ਪਤੀ ਵੱਲੋਂ ਅਣਦੇਖੀ ਕਰਨ ਜਾਂ ਪਤੀ ਦੇ ਕਿਸੇ ਹੋਰ ਔਰਤ ਨਾਲ ਸਰੀਰਕ ਸਬੰਧ ਹੋਣ ਜਾਂ ਪਤੀ ਦੇ ਨਾਮਰਦ ਹੋਣ ਕਰ ਕੇ ਵੀ ਔਰਤ ਨੂੰ ਸੰਤੁਸ਼ਟੀ ਨਾ ਮਿਲਣ ਕਰ ਕੇ ਹਿਸਟੀਰੀਆ ਰੋਗ ਹੋ ਜਾਂਦਾ ਹੈ। ਵਿਆਹੁਤਾ ਜੀਵਨ ਵਿੱਚ ਤਣਾਅ ਤੇ ਸਰੀਰਕ ਸਬੰਧ ਵਿੱਚ ਅਸੰਤੁਸ਼ਟੀ, ਪਰਿਵਾਰਕ ਕਲੇਸ਼, ਬੇਹੱਦ ਕਾਮੁਕ ਚਿੰਤਨ ਕਰਨ ਜਾਂ ਜੀਵਨ ’ਚ ਨਿਰਾਸ਼ਾ ਜਾਂ ਤੇਜ਼ ਮਾਨਸਿਕ ਧੱਕਾ, ਉਨੀਂਦਰਾ, ਤਣਾਅ ਆਦਿ ਕਰਕੇ ਯੋਨ ਸਬੰਧੀ ਰੋਗਾਂ ਨਾਲ ਪੀੜਤ ਹੋਣ ਕਰ ਕੇ ਵੀ ਹਿਸਟੀਰੀਆ ਹੋ ਜਾਂਦਾ ਹੈ। ਜਿਸ ਨੂੰ ਡਰ, ਨਿਰਾਸ਼ਾ, ਚਿੰਤਾ ਤੇ ਵੱਧ ਤਣਾਅ ਹੁੰਦਾ ਹੈ, ਖੂਨ ਦੀ ਕਮੀ, ਕਬਜ਼ ਆਦਿ, ਵੱਧ ਸਮੇਂ ਤੱਕ ਕਿਸੇ ਰੋਗ ਨਾਲ ਪੀੜਤ ਹੁੰਦੇ ਰਹਿਣ ਕਰਕੇ ਉਪਜੀ ਨਿਰਾਸ਼ਾ ਨਾਲ ਕੁਪੋਸ਼ਣ, ਖ਼ਰਾਬ ਸਿਹਤ, ਡਿੰਬਕੋਸ਼ ਦੇ ਵਿਗਾੜ, ਬੱਚੇਦਾਨੀ ਸਬੰਧੀ ਵਿਗਾੜ, ਮਾਹਵਾਰੀ ਸਬੰਧੀ ਬੇਨਿਯਮੀ, ਜਿਵੇਂ ਵੱਧ ਦਰਦ ਦੇ ਨਾਲ ਮਾਹਵਾਰੀ ਹੋਣੀ ਜਾਂ ਲਕੋਰੀਆ, ਬਾਂਝਪਣ ਆਦਿ ਕਰਕੇ ਵੀ ਹਿਸਟੀਰੀਆ ਰੋਗ ਪੈਦਾ ਹੋ ਜਾਂਦਾ ਹੈ।
ਲੱਛਣ: ਹਿਸਟੀਰੀਆ ਰੋਗ ਤੋਂ ਪੀੜਤ ਲੜਕੀ ਗੱਲਾਂ ਕਰਦੇ ਕਰਦੇ ਜਾਂ ਘਰ ’ਚ ਕੰਮ ਕਰਦੇ ਕਰਦੇ ਅਚਾਨਕ ਜ਼ੋਰ ਨਾਲ ਹੱਸਦੀ ਹੈ ਤੇ ਫਿਰ ਚੀਖ ਕੇ ਬੇਹੋਸ਼ ਹੋ ਜਾਂਦੀ ਹੈ। ਰੋਗ ਦੀ ਸ਼ੁਰੂਆਤ ’ਚ ਰੋਗੀ ਨੂੰ ਇਉਂ ਲੱਗਦਾ ਹੈ ਕਿ ਉਸ ਦੇ ਪੇਟ ਦੇ ਖੱਬੇ ਹਿੱਸੇ ’ਚ ਕਿਸੇ ਹਵਾ ਦਾ ਗੋਲਾ ਉੱਪਰ ਵੱਲ ਉੱਠ ਕੇ ਜਾ ਰਿਹਾ ਹੈ, ਜੋ ਗਲੇ ’ਚ ਅੜਿੱਕਾ ਪੈਦਾ ਕਰਨ ਲੱਗਦਾ ਹੈ ਅਤੇ ਰੋਗੀ ਔਰਤ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ। ਕੁੱਝ ਰੋਗੀ ਔਰਤਾਂ ਬੇਹੋਸ਼ੀ ਤੋਂ ਪਹਿਲਾਂ ਜ਼ੋਰ ਜ਼ੋਰ ਨਾਲ ਆਪਣੇ ਹੱਥ ਮਾਰਦੀਆਂ ਹਨ। ਕੁਝ ਪੱਟਾਂ ’ਤੇ ਹੱਥ ਮਾਰਦੀਆਂ ਹਨ। ਅਜਿਹਾ ਗਲੇ ’ਚ ਫਸੇ ਹਵਾ ਦੇ ਗੋਲੇ ਨੂੰ ਕੱਢਣ ਲਈ ਕਰਦੀਆਂ ਹਨ। ਕੁਝ ਰੋਗੀ ਔਰਤਾਂ ਤਾਂ ਆਪਣੇ ਕੱਪੜੇ ਤੱਕ ਪਾੜ ਲੈਂਦੀਆਂ ਹਨ। ਜਬਾੜੇ ਕੱਸ ਕੇ ਬੰਦ ਕਰ ਲੈਂਦੀਆਂ ਹਨ। ਵੀਹ-ਤੀਹ ਮਿੰਟ ਪਿੱਛੋਂ ਬੇਹੋਸ਼ੀ ਦਾ ਦੌਰਾ ਘੱਟ ਹੁੰਦਾ ਤਾਂ ਰੋਗੀ ਔਰਤ ਦੇ ਸਰੀਰ ’ਚ ਕੁਝ ਕੰਬਣੀ ਪੈਦਾ ਹੁੰਦੀ ਹੈ। ਹੱਥ ਲਾਉਣ ਨਾਲ ਉਹ ਚੌਂਕ ਉੱਠਦੀ ਹੈ ਅਤੇ ਦਿਲ ਜ਼ੋਰ ਨਾਲ ਧੜਕਣ ਲੱਗਦਾ ਹੈ। ਰੋਗੀ ਨੂੰ ਕਦੀ ਕਦੀ ਉਲਟੀ ਵੀ ਆ ਜਾਂਦੀ ਹੈ। ਵੇਗ ਕਈ ਵਾਰ ਘੱਟ ਜਾਂ ਵੱਧ ਹੋਣ ਕਰ ਕੇ ਪਿੱਛੋਂ ਅੰਤ ’ਚ ਦੌਰਾ ਖ਼ਤਮ ਹੋ ਜਾਂਦਾ ਹੈ। ਅੰਤ ’ਚ ਰੋਗੀ ਨੂੰ ਪਿਸ਼ਾਬ ਵੱਧ ਮਾਤਰਾ ਆਉਂਦਾ ਹੈ ਤੇ ਉਹ ਸੌਂ ਜਾਂਦੀ ਹੈ।
ਹਿਸਟੀਰੀਆ ਤੇ ਮਿਰਗੀ ਵਿੱਚ ਫ਼ਰਕ: ਇਨ੍ਹਾਂ ਦੋਨਾਂ ਰੋਗਾਂ ਦੇ ਲੱਛਣ ਮਿਲਦੇ-ਜੁਲਦੇ ਹਨ। ਮਿਰਗੀ ਦੇ ਦੌਰੇ ’ਚ ਮੂੰਹ ਵਿੱਚੋਂ ਝੱਗ ਨਿਕਲਦੀ ਹੈ ਪਰ ਹਿਸਟੀਰੀਆ ਦੇ ਦੌਰੇ ਦੇ ਰੋਗੀ ਦੇ ਮੂੰਹ ’ਚੋਂ ਝੱਗ ਨਹੀਂ ਨਿਕਲਦੀ ਪਰ ਰੋਗ ਤੋਂ ਪੀੜਤ ਲੜਕੀਆਂ ਦੰਦ ਕਿਰਚਦੀਆਂ ਹਨ। ਹਿਸਟੀਰੀਆ ’ਚ ਬੇਹੋਸ਼ ਲੜਕੀ ਦਾ ਜਬਾੜਾ ਬੰਦ ਹੁੰਦਾ ਹੈ। ਮਿਰਗੀ ਦੇ ਦੌਰੇ ਸਮੇਂ ਜੀਭ ਅਕਸਰ ਬਾਹਰ ਨਿਕਲ ਆਉਂਦੀ ਹੈ ਤੇ ਮੂੰਹ ਖੁੱਲ੍ਹਾ ਰਹਿੰਦਾ ਹੈ। ਹਿਸਟੀਰੀਆ ਅਕਸਰ ਲੜਕੀਆਂ ’ਚ ਹੁੰਦਾ ਹੈ, ਜਦੋਂਕਿ ਮਿਰਗੀ ਨਾਲ ਮਰਦ ਵੀ ਪੀੜਤ ਹੁੰਦੇ ਹਨ। ਹਿਸਟੀਰੀਆ ਦੇ ਸਮੇਂ ਲੜਕੀਆਂ ਆਪਣੇ ਆਪ ਨੂੰ ਸੰਭਾਲਦੇ ਹੋਏ ਡਿੱਗਦੀਆਂ ਹਨ ਪਰ ਮਿਰਗੀ ’ਚ ਅਜਿਹਾ ਨਹੀਂ ਹੁੰਦਾ ਤੇ ਮਰੀਜ਼ ਨੂੰ ਗੰਭੀਰ ਸੱਟ ਵੱਜ ਸਕਦੀ ਹੈ। ਮਿਰਗੀ ਦੇ ਦੌਰੇ ਨਿਸ਼ਚਿਤ ਸਮੇਂ ਦੇ ਵੇਗ ਨਾਲ ਪੈਂਦੇ ਹਨ ਤੇ ਇਕਾਂਤ ’ਚ ਵੀ ਹੋ ਸਕਦੇ ਹਨ, ਜਦੋਂਕਿ ਹਿਸਟੀਰੀਆ ਦੇ ਦੌਰੇ ਇਕਾਂਤ ਵਿਚ ਨਹੀਂ ਪੈਂਦੇ, ਵਾਰ ਵਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦੀ ਕੋਈ ਰਾਖੀ, ਸੰਭਾਲ, ਪਰਵਾਹ ਜਾਂ ਦੇਖਭਾਲ ਕਰਨ ਵਾਲਾ ਉਥੇ ਹੈ। ਹਿਸਟੀਰੀਆ ’ਚ ਬੇਹੋਸ਼ ਲੜਕੀ ਦਾ ਜਬਾੜਾ ਬੰਦ ਹੁੰਦਾ ਹੈ ਪਰ ਜੀਭ ਨਹੀਂ ਕੱਟਦੀ, ਜਦੋਂਕਿ ਮਿਰਗੀ ਦੇ ਦੌਰੇ ਵਿੱਚ ਜੀਭ ਕੱਟਣ ਦਾ ਡਰ ਰਹਿੰਦਾ ਹੈ। ਲੜਕੀਆਂ ’ਚ ਹਿਸਟੀਰੀਆ ਦੇ ਦੌਰੇ ਦੀ ਮਾਰ ਮਾਹਵਾਰੀ ਦੇ ਦਿਨਾਂ ’ਚ ਵੱਧ ਹੁੰਦੀ ਹੈ। ਤੀਹ-ਚਾਲੀ ਮਿੰਟ ਤੱਕ ਦੌਰੇ ਦੀ ਮਾਰ ਪੈ ਸਕਦੀ ਹੈ। ਹਿਸਟੀਰੀਆ ਨਰਵਸ ਸਿਸਟਮ ਦਾ ਰੋਗ ਕਿਹਾ ਜਾਂਦਾ ਹੈ। ਹਿਸਟੀਰੀਆ ਦੀ ਰੋਗੀ ਪੇਟ ਫੁੱਲਣ, ਕਬਜ਼ ਅਤੇ ਦਸਤ ਆਦਿ ਤੋਂ ਪੀੜਤ ਹੋ ਸਕਦੀ ਹੈ ਤੇ ਪਿਸ਼ਾਬ ਦਾ ਬੰਨ੍ਹ ਵੀ ਪੈ ਸਕਦਾ ਹੈ। ਦੌਰੇ ਸਮੇਂ ਰੋਗੀ ਔਰਤ ਪੂਰੀ ਤਰ੍ਹਾਂ ਬੇਹੋਸ਼ ਨਹੀਂ ਹੁੰਦੀ ਅਤੇ ਦੂਜਿਆਂ ਦੀਆਂ ਗੱਲਾਂ ਸੁਣ ਸਕਦੀ ਹੈ ਪਰ ਖੁਦ ਬੋਲਣ ਤੋਂ ਅਸਮਰੱਥ ਰਹਿੰਦੀ ਹੈ। ਦੌਰਾ ਪੈਣ ਤੋਂ ਪਹਿਲਾਂ ਰੋਗੀ ਨੂੰ ਇਸ ਦਾ ਗਿਆਨ ਹੋ ਜਾਂਦਾ ਹੈ, ਜਿਸ ਕਰਕੇ ਸੱਟ ਲੱਗਣ ਦੀ ਸੰਭਾਵਨਾ ਨਹੀਂ ਰਹਿੰਦੀ।
ਇਲਾਜ: ਸਭ ਤੋਂ ਪਹਿਲਾਂ ਉਸ ਦੀ ਬੇਹੋਸ਼ੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਸ ਪਾਸ ਦੇ ਲੋਕਾਂ ਨੂੰ ਹਟਾ ਦਿਓ, ਦਰਵਾਜ਼ੇ ਖਿੜਕੀਆਂ ਖੋਲ੍ਹ ਦਿਓ, ਜਿਸ ਨਾਲ ਰੋਗੀ ਨੂੰ ਸ਼ੁੱਧ ਹਵਾ ਮਿਲ ਸਕੇ। ਰੋਗੀ ਦੇ ਕੱਪੜੇ ਢਿੱਲੇ ਕਰ ਦੇਣੇ ਚਾਹੀਦੇ ਹਨ। ਜੇ ਇਸ ਨਾਲ ਵੀ ਬੇਹੋਸ਼ੀ ਦੂਰ ਨਾ ਹੋਵੇ ਤਾਂ ਲਸਣ ਪਿਆਜ਼ ਪੁੱਟ ਕੇ ਜਾਂ ਪੀਸ ਕੇ ਸੁੰਘਾਓ। ਕਾਲੀ ਮਿਰਚ ਤੇ ਸੌਂਫ ਦੇ ਚੂਰਨ ਨੂੰ ਕਾਗਜ਼ ਦੀ ਨਾਲੀ ’ਚ ਰੱਖ ਕੇ ਉਸਦੇ ਨੱਕ ’ਚ ਫੂਕਣ ਨਾਲ ਬੇਹੋਸ਼ੀ ਦੂਰ ਹੋ ਜਾਂਦੀ ਹੈ। ਸਪਿਰਟ ਅਮੋਨੀਆ ਵੀ ਨੱਕ ’ਚ ਪਾਇਆ ਜਾ ਸਕਦਾ ਹੈ। ਥੋੜਾ ਜਿਹਾ ਨਮਕ ਪਾਣੀ ’ਚ ਘੋਲ ਕੇ ਨੱਕ ’ਚ ਚਾਰ ਪੰਜ ਬੂੰਦਾਂ ਪਾਉਣ ਨਾਲ ਬੇਹੋਸ਼ੀ ਦੂਰ ਹੋ ਜਾਂਦੀ ਹੈ। ਰੋਗੀ ਦੇ ਹੋਸ਼ ’ਚ ਆਉਣ ਪਿੱਛੋਂ ਹਿਸਟੀਰੀਆ ਦਾ ਇਲਾਜ ਕਰਨਾ ਚਾਹੀਦਾ ਹੈ। ਪੀਰੀਅਡ ਦੀਆਂ ਬੇਨਿਯਮੀਆਂ ਕਰਕੇ ਪੈਦਾ ਹੋਏ ਹਿਸਟੀਰੀਆ ’ਚ ਦਵਾਈ ਦੇਣੀ ਬਣਦੀ ਹੈ। ਹਿਸਟੀਰੀਆ ਮਾਨਸਿਕ ਤਣਾਅ ਕਰ ਕੇ ਪੈਦਾ ਹੋਇਆ ਰੋਗ ਹੁੰਦਾ ਹੈ। ਇਸ ਦੀ ਵਜ੍ਹਾ ਲੱਭ ਕੇ ਇਸ ਦਾ ਇਲਾਜ ਕੀਤਾ ਜਾਵੇ।
ਸੰਪਰਕ: 9815629301