ਨਵੀਂ ਦਿੱਲੀ: ਰਸੋਈ ਦੀਆਂ ਕਈ ਵਸਤਾਂ ਸਸਤੀਆਂ ਹੋਣ ਕਾਰਨ ਅਪਰੈਲ ਮਹੀਨੇ ਪ੍ਰਚੂਨ ਮਹਿੰਗਾਈ ਦਰ ਨਰਮ ਹੋ ਕੇ 11 ਮਹੀਨਿਆਂ ਦੇ ਹੇਠਲੇ ਪੱਧਰ 4.83 ਫੀਸਦੀ ’ਤੇ ਆ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਦਰ ਮਾਰਚ ਮਹੀਨੇ 4.85 ਫੀਸਦੀ ਰਹੀ, ਜਦੋਂਕਿ ਅਪਰੈਲ 2023 ਵਿੱਚ ਇਹ 4.31 ਫੀਸਦੀ ਸੀ। ਪਿਛਲੇ ਮਹੀਨੇ ਆਂਡੇ, ਮੀਟ, ਮਸਾਲਿਆਂ ਅਤੇ ‘ਅਨਾਜ ਤੇ ਹੋਰ ਵਸਤਾਂ’ ਸਸਤੀਆਂ ਹੋਈਆਂ ਹਨ, ਜਦੋਂਕਿ ਫਲ, ਸਬਜ਼ੀਆਂ ਅਤੇ ਦਾਲਾਂ ਮਹਿੰਗੀਆਂ ਰਹੀਆਂ ਹਨ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਦੇ ਅੰਕੜਿਆਂ ਮੁਤਾਬਕ, ਅਪਰੈਲ ਮਹੀਨੇ ਖਾਣ ਵਾਲੀਆਂ ਵਸਤਾਂ ਦੀ ਪਰਚੂਨ ਮਹਿੰਗਾਈ ਦਰ ਮਾਮੂਲੀ ਵਧ ਕੇ 8.70 ਫੀਸਦੀ ਰਹੀ ਜੋ ਮਾਰਚ ਮਹੀਨੇ 8.52 ਫੀਸਦੀ ਸੀ। -ਪੀਟੀਆਈ