ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 13 ਮਈ
ਪਿੰਡ ਸਨੌਲੀ ਦੇ ਇਕ ਸ਼ਟਰਿੰਗ ਸਟੋਰ ਦੇ ਮਾਲਕ ਦੀ ਸ਼ਿਕਾਇਤ ’ਤੇ ਪੁਲੀਸ ਨੇ ਚੰਡੀਗੜ੍ਹ ਦੇ ਇਕ ਵਿਅਕਤੀ ਖ਼ਿਲਾਫ਼ ਉਸ ਦੀ ਕਰੋੜਾਂ ਰੁਪਏ ਦੀ ਸ਼ਟਰਿੰਗ ਦਾ ਸਾਮਾਨ ਕਿਰਾਏ ’ਤੇ ਲੈ ਕੇ ਖ਼ੁਰਦ ਬੁਰਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਸੰਦੀਪ ਦਲਾਲ ਵਾਸੀ ਮੈਟਰੋ ਟਾਊਨ ਪੀਰ ਮੁਛੱਲਾ ਨੇ ਦੱਸਿਆ ਕਿ ਉਸ ਦਾ ਸਨੌਲੀ ਵਿੱਚ ਸ਼ਟਰਿੰਗ ਕਿਰਾਏ ’ਤੇ ਦੇਣ ਦਾ ਕੰਮ ਹੈ। ਉਸ ਨੇ ਦੱਸਿਆ ਕਿ 20 ਦਸੰਬਰ 2023 ਨੂੰ ਨਿਤਿਨ ਬਾਂਸਲ ਉਸ ਦੀ ਦੁਕਾਨ ’ਤੇ ਆਇਆ ਅਤੇ ਉਸ ਤੋਂ 2226 ਕੱਪ ਲੋਕ, 1130 ਜੁਆਇੰਟ ਪਿੰਨ, 1275 ਬੇਸ ਜੈੱਕ, 1298 ਯੂ ਜੈੱਕ, 6000 ਲੈਜ਼ਰ, ਵੱਖ-ਵੱਖ ਸਾਈਜ ਦੀਆਂ ਕਰੀਬ 11 ਹਜ਼ਾਰ ਸ਼ਟਰਿੰਗ ਪਲੇਟਾਂ ਅਤੇ 4427 ਚੈੱਨਲ ਕਿਰਾਏ ’ਤੇ ਲੈ ਗਿਆ। ਉਸ ਨੇ ਉਸ ਨੂੰ ਇਸ ਸਾਰੀ ਸ਼ਟਰਿੰਗ ਦਾ ਫਰਵਰੀ ਮਹੀਨੇ ਤੱਕ ਤਾਂ ਕਿਰਾਇਆ ਦਿੱਤਾ ਸੀ ਪਰ ਉਸ ਤੋਂ ਬਾਅਦ ਨਿਤਿਨ ਬਾਂਸਲ ਨੇ ਉਸ ਨੂੰ ਕਿਰਾਇਆ ਦੇਣਾ ਬੰਦ ਕਰ ਦਿੱਤਾ ਅਤੇ ਉਸ ਦਾ ਸਾਮਾਨ ਵਾਪਸ ਕਰਨ ਲਈ ਵੀ ਟਾਲ ਮਟੌਲ ਕਰਨ ਲੱਗ ਪਿਆ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਨਿਤਿਨ ਬਾਂਸਲ ਨੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜ਼ੀਰਕਪੁਰ ਪੁਲੀਸ ਨੇ ਕਰੋੜਾਂ ਰੁਪਏ ਦੀ ਲੋਹੇ ਦੀ ਸ਼ਟਰਿੰਗ ਖ਼ੁਰਦ ਬੁਰਦ ਕਰਨ ਦੇ ਦੋਸ਼ ਹੇਠ ਨਿਤਿਨ ਬਾਂਸਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।