ਭੁਬਨੇਸ਼ਵਰ, 14 ਮਈ
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ’ਚ ਕੋਈ ‘ਲਹਿਰ’ ਨਹੀਂ ਚੱਲ ਰਹੀ ਸਗੋਂ ਉਨ੍ਹਾਂ ਦੀ ਭਾਸ਼ਾ ’ਚ ਸਿਰਫ ‘ਜ਼ਹਿਰ’ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ‘ਜਾਣ ਵਾਲੇ’ ਪ੍ਰਧਾਨ ਮੰਤਰੀ ਦੀ ਭਾਸ਼ਾ ਤੋਂ ਪਤਾ ਲੱਗਦਾ ਹੈ ਕਿ ਉਹ ‘ਚਿੰਤਤ ਅਤੇ ਉਲਝਣ’ ਵਿਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਨੂੰ ਬਹੁਮਤ ਮਿਲੇਗਾ। ਕਾਂਗਰਸ ਆਗੂ ਨੇ ਕਿਹਾ, “ਉਨ੍ਹਾਂ (ਪ੍ਰਧਾਨ ਮੰਤਰੀ) ਨੇ ਮਹਿਸੂਸ ਕੀਤਾ ਹੈ ਕਿ ਕਿਸਾਨ, ਮਜ਼ਦੂਰ, ਔਰਤਾਂ ਅਤੇ ਹੋਰ ਪਛੜੇ ਵਰਗ ਉਨ੍ਹਾਂ ਤੋਂ ਨਿਰਾਸ਼ ਹਨ। ਇਸੇ ਕਰਕੇ ਹਿੰਦੂ-ਮੁਸਲਿਮ, ਮੁਸਲਿਮ ਲੀਗ, ਕਾਂਗਰਸ ਨੂੰ ਟੈਂਪੂ ਵਿੱਚ ਦਿੱਤੇ ਗਏ ਕਾਲੇ ਧਨ ਅਤੇ ‘ਮੰਗਲਸੂਤਰ’ ਬਾਰੇ ਗੱਲ ਕਰ ਰਹੇ ਹਨ।’’ ਉਨ੍ਹਾਂ ਦਾ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ ਦੇ ਹੱਕ ਵਿਚ ਜ਼ਮੀਨੀ ਪੱਧਰ ’ਤੇ ਕੋਈ ‘ਲਹਿਰ’ ਨਹੀਂ ਚੱਲ ਰਹੀ ਪਰ ਉਨ੍ਹਾਂ ਦੀ ਭਾਸ਼ਾ ਵਿੱਚ ‘ਜ਼ਹਿਰ’ ਜ਼ਰੂਰ ਚੱਲ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਦਲਾਅ ਦਾ ਸਮਾਂ ਆ ਗਿਆ ਹੈ।’’
ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਨੂੰ ਬਹੁਮਤ ਮਿਲੇਗਾ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦੀ ਲੜਾਈ ਲੜ ਰਹੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉੜੀਸਾ ਵਿੱਚ ਸੱਤਾਧਾਰੀ ਬੀਜੇਡੀ ਤੇ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। -ਪੀਟੀਆਈ