ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਮਈ
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪੂਰਾ ਦਿਨ ਪਟਿਆਲਾ ਦਿਹਾਤੀ ਦੇ ਕਰੀਬ ਵੀਹ ਪਿੰਡਾਂ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ ਜਿਨ੍ਹਾਂ ਦਾ ਪ੍ਰਬੰਧ ਮੋਹਿਤ ਮਹਿੰਦਰਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਵੱਲੋਂ ਕੀਤਾ ਗਿਆ।
ਇਸ ਮੌਕੇ ਡਾਕਟਰ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਨੌਜਵਾਨਾਂ ਲਈ ਪਹਿਲੇ ਸਾਲ ਹੀ ਕੇਂਦਰ ਦੀਆਂ ਖ਼ਾਲੀ ਪਈਆਂ 30 ਲੱਖ ਅਸਾਮੀਆਂ ਨੂੰ ਪਹਿਲ ਦੇ ਅਧਾਰ ’ਤੇ ਭਰਿਆ ਜਾਵੇਗਾ। ਕਾਂਗਰਸ ਵੱਲੋਂ ਆਪਣੇ ਨਿਆਂ ਪੱਤਰ ਵਿੱਚ ਗਾਰੰਟੀ ਦਿੱਤੀ ਗਈ ਹੈ ਕਿ ਬੇਰੁਜ਼ਗਾਰ ਨੌਜਵਾਨਾਂ ਲਈ ਪੱਕੀਆਂ ਨੌਕਰੀਆਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਲਈ 5000 ਕਰੋੜ ਰੁਪਏ ਦੇ ਸਟਾਰਟਅੱਪ ਫ਼ੰਡ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਅਹੁਦੇਦਾਰ,ਪੰਚ ਸਰਪੰਚ, ਵਰਕਰ ਅਤੇ ਇਲਾਕਾ ਨਿਵਾਸੀ ਪੁੱਜੇ ਹੋਏ ਸਨ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਆਦਿ ਆਗੂ ਵੀ ਹਾਜ਼ਰ ਰਹੇ।