ਰਮੇਸ਼ ਭਾਰਦਵਾਜ
ਲਹਿਰਾਗਾਗਾ,14 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਪੁਰਾਣੀ ਦਾਣਾ ਮੰਡੀ ਵਿੱਚ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ‘ਆਪ ਦੇ ਉਮੀਦਵਾਰ ਮੀਤ ਹੇਅਰ ਨੂੰ ਇਹ ਪੁੱਛਣ ਕਿ ਔਰਤਾਂ ਨੂੰ 1000 ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਸਰਕਾਰ ਨੇ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ? ਵੋਟਾਂ ਮੰਗਣ ਤੋਂ ਪਹਿਲਾਂ ਉਨ੍ਹਾਂ ਨੂੰ 26 ਮਹੀਨਿਆਂ ਦੇ 26-26 ਹਜ਼ਾਰ ਰੁਪਏ ਦਿੱਤੇ ਜਾਣ।’
‘ਆਪ’ ਸਰਕਾਰ ’ਤੇ ਤਨਜ ਕੱਸਦਿਆਂ ਖਹਿਰਾ ਨੇ ਕਿਹਾ ਕਿ ਬਦਲਾਅ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਫੋਕੇ ਬਦਲਾਅ ਦੇ ਭਾਸ਼ਣ ਦਿੰਦੀ ਨਹੀਂ ਥੱਕਦੀ। ਉਨ੍ਹਾਂ ਕਿਹਾ,‘ਸ਼ਰੇਆਮ ਲੋਕ ਘਰਾਂ ’ਚ ਵੜ ਕੇ ਚੋਰੀਆਂ ਕਰ ਰਹੇ ਹਨ। ਦੁਕਾਨਾਂ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਧੀਆਂ/ਭੈਣਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ। ਚਿੱਟਾ ਵੇਚਣ ਵਾਲੇ ਲਲਕਾਰੇ ਮਾਰ ਕੇ ਚਿੱਟਾ ਵੇਚ ਰਹੇ ਹਨ। ਜੇਕਰ ਅਜਿਹੇ ਸਮਾਜਿਕ, ਰਾਜਨੀਤਕ ਤੇ ਅਸਰੁੱਖਿਅਤ ਢਾਂਚੇ ਨੂੰ ਬਦਲਾਅ ਕਿਹਾ ਜਾ ਰਿਹਾ ਹੈ ਤਾਂ ਭਗਵੰਤ ਮਾਨਾ ਸਾਨੂੰ ਤੇਰੇ ਇਹੋ ਜਿਹੇ ਬਦਲਾਅ ਦੀ ਜ਼ਰੂਰਤ ਨਹੀਂ ਹੈ।’ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ 2027 ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣੇਗੀ। ਬੀਬੀ ਭੱਠਲ ਦੇ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਕਾਂਗਰਸ ਆਗੂ ਨੂੰ ਲੱਡੂਆਂ ਨਾਲ ਤੋਲਿਆ
ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਵੱਖ ਵੱਖ ਥਾਵਾਂ ’ਤੇ ਲੱਡੂਆਂ ਨਾਲ ਤੋਲਿਆ ਗਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲਇੰਦਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਤੇ ਭਾਜਪਾ ਸਰਕਾਰਾਂ ਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਭਵਿੱਖ ਵਿੱਚ ਕਾਂਗਰਸ ਪਾਰਟੀ ਨੂੰ ਸੱਤਾ ਸੌਂਪਣ ਲਈ ਵਚਨਬੱਧ ਹਨ। ਅੱਜ ਸਥਾਨਕ ਸ਼ਹਿਰ ਵਿੱਚ ਇੰਡੀਅਨ ਨੈਸ਼ਨਲ ਕਿਸਾਨ ਸੈੱਲ ਦੇ ਕੋਆਰਡੀਨੇਟਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ, ਜਸਵਿੰਦਰ ਸਿੰਘ ਰਿੰਪੀ ਸਰਪੰਚ, ਅਰਪਿੰਦਰ ਸਿੰਘ ਰੂਬੀ ਐਡਵੋਕੇਟ, ਹੈਪੀ ਸਿੰਘ ਠੇਕੇਦਾਰ, ਕਸ਼ਮੀਰ ਸਿੰਘ ਜਲੂਰ, ਦਲਜੀਤ ਸਿੰਘ ਵਿਰਕ ਡਸਕਾ, ਸੰਜੀਵ ਹਨੀ,ਅਤੇ ਹੋਰ ਨੌਜਵਾਨ ਆਗੂਆਂ ਨੂੰ ਨਾਲ ਲੈ ਕੇ ਵੱਖ-ਵੱਖ ਦੁਕਾਨਾਂ ਅਤੇ ਘਰੋਂ ਘਰੀਂ ਜਾ ਕੇ ਕਾਂਗਰਸ ਪਾਰਟੀ ਲਈ ਹਮਾਇਤ ਮੰਗੀ।
ਖਹਿਰਾ ਨੇ ਸੰਦੌੜ ਸਰਕਲ ਦੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ
ਸੰਦੌੜ (ਮੁਕੰਦ ਸਿੰਘ ਚੀਮਾ): ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਜਲਦ ਫੇਲ੍ਹ ਸਾਬਤ ਹੋਣ ਵਾਲੀ ਸਰਕਾਰ ਬਣ ਗਈ ਹੈ। ਮਹਿਜ਼ ਦੋ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਮਨ ਅੱਕ ਗਿਆ ਹੈ ਕਿਉਂਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੋ ਸਾਲਾਂ ਵਿਚ ਪੰਜਾਬ ਵਿੱਚ ਆਪਣੇ ਦਮ ’ਤੇ ਇਕ ਵੀ ਵਿਕਾਸ ਦਾ ਪ੍ਰਾਜੈਕਟ ਸ਼ੁਰੂ ਨਹੀਂ ਕਰ ਸਕੀ। ਉਨ੍ਹਾਂ ਅੱਜ ਆਪਣੀ ਚੋਣ ਮੁਹਿੰਮ ਤਹਿਤ ਸੰਦੌੜ ਸਰਕਲ ਦੇ ਪਿੰਡਾਂ ਮਹੋਲੀ ਕਲਾਂ, ਦਸੌਧਾ ਸਿੰਘ ਵਾਲਾ, ਬਿਸ਼ਨਗੜ੍ਹ ਤੇ ਕੁਠਾਲਾ ਵਿਖੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸਿਵਾਏ ਕਰੋੜਾਂ ਰੁਪਏ ਇਸ਼ਤਿਹਾਰਾਂ ਦੇ ਖਰਚਨ ਤੋਂ ਇਲਾਵਾ ਇਸ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕਰਦੇ ਹਨ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹ ਵਿੱਢੀ ਹੋਈ ਆਪਣੀ ਇਸ ਲੜਾਈ ਨੂੰ ਹਮੇਸ਼ਾ ਜਾਰੀ ਰੱਖਣਗੇ।