ਪੱਤਰ ਪ੍ਰੇਰਕ
ਜੀਂਦ, 14 ਮਈ
ਪਿੰਡ ਸੇਢਾਂ ਮਾਜਰਾ ਦੇ ਵਾਸੀਆਂ ਨੇ ਬਿਜਲੀ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਰੋਸ ਜਤਾਉਂਦਿਆਂ ਅੱਜ ਪਾਵਰ ਹਾਊਸ ਨੂੰ ਤਾਲਾ ਲਗਾ ਦਿੱਤਾ। ਲੋਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਬਿਜਲੀ ਘਰ ਨੂੰ ਤਾਲਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਐੱਸਡੀਓ ਸੰਜੈ ਕੁਮਾਰ ਪਾਵਰ ਹਾਊਸ ਪੁੱਜੇ। ਉਨ੍ਹਾਂ ਲੋਕਾਂ ਨੂੰ 10 ਦਿਨਾਂ ਵਿੱਚ ਲੋਕਾਂ ਦੀਆਂ ਸੱਮਸਿਆਵਾਂ ਦੂਰ ਕਰਨ ਦਾ ਭਰੋਸਾ ਦੇ ਕੇ ਤਾਲਾ ਖੁੱਲ੍ਹਵਾਇਆ।
ਸਰਪੰਚ ਪ੍ਰਤੀਨਿੱਧੀ ਅਨੂਪ, ਰਾਮਦੀਆ, ਰਾਜਾ, ਕਾਲਾ ਅਤੇ ਮਨੋਜ ਨੇ ਕਿਹਾ ਕਿ ਪਿੰਡ ਦੀ ਲਾਈਨ ਲੰਬੇ ਏਰੀਏ ਤੱਕ ਜੁੜੀ ਹੋਈ ਹੈ, ਜਿਸ ਕਾਰਨ ਬਿਜਲੀ ਵਿੱਚ ਟ੍ਰਿਪਲਿੰਗ ਹੁੰਦੀ ਰਹਿੰਦੀ ਹੈ ਜਦੋਂਕਿ ਹੁਣ ਪਿਛਲੇ ਚਾਰ ਦਿਨਾਂ ਤੋਂ ਸਾਰੀ-ਸਾਰੀ ਰਾਤ ਅਤੇ ਦਿਨ ਵੇਲੇ ਲਾਈਟ ਨਹੀਂ ਆ ਰਹੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਗਲੇ 10 ਦਿਨਾਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਹ ਫਿਰ ਪਾਵਰ ਹਾਊਸ ਨੂੰ ਜਿੰਦਰਾ ਲਗਾ ਦੇਣਗੇ।