ਮੁੰਬਈ, 15 ਮਈ
ਭਾਜਪਾ ਦੀ ਮਹਾਰਾਸ਼ਟਰ ਇਕਾਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦਾ ਕਹਿਣਾ ਹੈ ਕਿ ਮੁੰਬਈ ਦੇ ਵਾਸੀ 20 ਮਈ ਨੂੰ ਮਹਾਂਨਗਰ ਵਿਚ ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਕਾਂਗਰਸੀ ਆਗੂਆਂ ਨੂੰ ਗੁਆਂਢੀ ਮੁਲਕ ਦੇ ਅਤਿਵਾਦੀ ਅਜਮਲ ਕਸਾਬ ਦੇ ਪਰਿਵਾਰ ਨੂੰ ਰੱਖਿਆ ਲਈ ਪਾਕਿਸਤਾਨ ਭੇਜ ਦੇਣਗੇ। ਕਸਾਬ ਨੂੰ 26 ਨਵੰਬਰ ਨੂੰ ਮੁੰਬਈ ‘ਚ ਹੋਏ ਅਤਿਵਾਦੀ ਹਮਲੇ ‘ਚ ਭੂਮਿਕਾ ਲਈ ਫਾਂਸੀ ਦਿੱਤੀ ਗਈ ਸੀ। ਬਾਵਨਕੁਲੇ ਨੇ ਘਾਟਕੋਪਰ ਉਪਨਗਰ ਵਿੱਚ ਹੋਰਡਿੰਗ ਹਾਦਸੇ ਵਾਲੀ ਥਾਂ ‘ਤੇ ਤੁਰੰਤ ਪਹੁੰਚਣ ਲਈ ਕਾਂਗਰਸ ਨੇਤਾ ਵਿਜੈ ਵਡੇੱਟੀਵਾਰ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਇਹ ਬਿਆਨ ਦਿੱਤਾ। ਸ੍ਰੀ ਵਿਜੈ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੌਕੇ ’ਤੇ ਪੁੱਜਣ ਕਾਰਨ ਬਚਾਅ ਕਾਰਜਾਂ ’ਚ ਦੇਰੀ ਹੋ ਗਈ। ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਵਿਜੈ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਅਤਿਵਾਦੀ ਹਮਲੇ ਦੇ ਮਾਮਲੇ ‘ਚ ਸਰਕਾਰੀ ਵਕੀਲ ਅਤੇ ਮੁੰਬਈ ਉੱਤਰੀ ਮੱਧ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਉੱਜਵਲ ਨਿਕਮ ਨੇ ਇਹ ਜਾਣਕਾਰੀ ਲੁਕਾਈ ਸੀ ਕਿ ਕਰਕਰੇ ਦੀ ਹੱਤਿਆ ਕਸਾਬ ਨੇ ਨਹੀਂ, ਸਗੋਂ ਆਰਐੱਸਐੱਸ ਸਬੰਧਤ ਪੁਲੀਸ ਮੁਲਾਜ਼ਮ ਨੇ ਕੀਤੀ ਸੀ।