ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਸੰਗਰੂਰ ਲੋਕ ਸਭਾ ਹਲਕੇ ’ਚ ਵੋਟਰਾਂ ਨੂੰ ਪੰਜਾਬੀ ਗਾਇਕੀ ਦਾ ਰੰਗ ਵੀ ਵੇਖਣ ਨੂੰ ਮਿਲੇਗਾ। ਚੋਣ ਮੀਟਿੰਗਾਂ ਦੌਰਾਨ ਜੇ ਵੋਟਰ ਚਾਹੁੰਣਗੇ ਤਾਂ ਪੰਜਾਬੀ ਦੋਗਾਣਾ ਗਾਇਕੀ ਦਾ ਆਨੰਦ ਵੀ ਮਾਣ ਸਕਣਗੇ। ਵੋਟਰਾਂ ਦੀ ਇਹ ਤਮੰਨਾ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ ਪੂਰੀ ਕਰੇਗਾ ਕਿਉਂਕਿ ਗਾਇਕ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰਿਆ ਹੈ। ਹਾਕਮ ਬਖਤੜੀ ਵਾਲਾ ਨੇ ਆਪਣੀ ਪਤਨੀ ਗਾਇਕਾ ਦਲਜੀਤ ਕੌਰ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਜੇ ਲੋਕ ਚਾਹੁੰਣਗੇ ਤਾਂ ਚੋਣ ਪ੍ਰਚਾਰ ਦੌਰਾਨ ਉਹ ਪੰਜਾਬੀ ਗੀਤ ਸੁਣਾਉਣ ਦੀ ਮੰਗ ਵੀ ਪੂਰੀ ਕਰਨਗੇ। ਉਹ ਲੋਕਾਂ ਦੇ ਸੇਵਕ ਹਨ ਅਤੇ ਲੋਕਾਂ ਦੀ ਹਰ ਉਮੀਦ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਅੱਧੀ ਸਦੀ ਤੋਂ ਉਹ ਪੰਜਾਬੀ ਗਾਇਕੀ ਦੇ ਖੇਤਰ ਵਿਚ ਹਨ। ਉਹ ਜਿਹੜੇ ਦਾਦੇ ਦੇ ਵਿਆਹ ’ਤੇ ਅਖਾੜਾ ਲਾਉਣ ਗਏ ਸੀ, ਉਸ ਦੇ ਪੋਤੇ ਦੇ ਵਿਆਹ ’ਤੇ ਵੀ ਗਿਆ। ਪੰਜਾਬ ਵਿਚ ਕਿਸੇ ਵਿਅਕਤੀ ਤੋਂ ਪ੍ਰੋਗਰਾਮ ਦੇ ਅੜ੍ਹ ਕੇ ਪੈਸੇ ਨਹੀਂ ਲਏ।
ਹਾਕਮ ਬਖਤੜੀ ਵਾਲਾ ਨੇ ਰਵਾਇਤੀ ਪਾਰਟੀਆਂ ’ਤੇ ਵਰ੍ਹਦਿਆਂ ਕਿਹਾ ਕਿ ਝੂਠ, ਤੂਫਾਨ ਤੇ ਆਪਹੁਦਰੀਆਂ ਗੱਲਾਂ ਰਵਾਇਤੀ ਪਾਰਟੀਆਂ ਨੇ ਕੀਤੀਆਂ ਹਨ ਜੋ ਗਿਣਾਉਣ ਵਾਲੀਆਂ ਨਹੀਂ। ਅੱਜ ਵੀ ਗਲੀਆਂ-ਨਾਲੀਆਂ ਦੇ ਮੁੱਦਿਆਂ ’ਤੇ ਖੜ੍ਹੇ ਹਾਂ। ਲੱਕ ਤੋੜਵੀਂ ਮਹਿੰਗਾਈ ਹੈ, ਮਸਲਾ ਕੋਈ ਵੀ ਹੱਲ ਨਹੀਂ ਹੋਇਆ, ਜਿਥੋਂ ਤੁਰੇ ਸੀ, ਉਥੇ ਹੀ ਖੜ੍ਹੇ ਹਾਂ। ਪਰਵਾਸ ਅਤੇ ਨਸ਼ੇ ਵੱਡੇ ਮੁੱਦੇ ਹਨ। ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਹਾਸ਼ੀਏ ’ਤੇ ਧੱਕਿਆ ਹੋਇਆ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਕੋਲ ਜਾਣਗੇ। ਇਸ ਮੌਕੇ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਨਾਲ ਸਬੰਧਤ ਅਨੇਕਾਂ ਸਖ਼ਸ਼ੀਅਤਾਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪਿੰਡ ਬਖਤੜੀ ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਹੈ।