ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 15 ਮਈ
ਮੋਰਿੰਡਾ-ਬਸੀ ਪਠਾਣਾਂ ਸ਼ਾਹਰਾਹ ’ਤੇ ਪੈਂਦੇ ਪਿੰਡ ਤਲਾਣੀਆਂ ਨੇੜੇ ਬਣੇ ਸਪੀਡ ਬਰੇਕਰ ਲੋਕਾਂ ਦੀ ਜਾਨ-ਮਾਲ ਲਈ ਖਤਰਾ ਬਣੇ ਹੋਏ ਹਨ।
ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਬਲਜੀਤ ਸਿੰਘ ਭੁੱਟਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਅਣਗਹਿਲੀ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਾਇਆ ਕਿ ਇਸ ਕਰ ਕੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਜਦੋਂ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸਪੀਡ ਬਰੇਕਰ ਦੀ ਉਚਾਈ ਸਵਾ ਫੁੱਟ ਦੇ ਕਰੀਬ ਹੋਣ ਅਤੇ ਰੈਂਪ ਠੀਕ ਨਾ ਹੋਣ ਕਾਰਨ ਰਾਹਗੀਰਾਂ ਦੇ ਵਾਹਨ ਇਸ ਨਾਲ ਲੱਗਦੇ ਹਨ ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦੋ-ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਫ਼ਤਹਿਗੜ੍ਹ ਸਾਹਿਬ ਨੂੰ ਮਿਲਦੀਆਂ ਪੇਂਡੂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਅਤੇ ਤਲਾਣੀਆਂ ਨੇੜੇ ਬਣੇ ਸਪੀਡ ਬਰੇਕਰ ਠੀਕ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਤਲਾਣੀਆਂ, ਹਰਮੇਸ਼ ਸਿੰਘ ਤਲਾਣੀਆਂ, ਸ਼ੌਂਕੀ ਰਾਮ, ਜੈ ਸਿੰਘ ਬਾੜਾ , ਮਨਜੀਤ ਸਿੰਘ ਮਾਨ ਖਾਨਪੁਰ, ਨਾਜਰ ਸਿੰਘ ਬਲਾੜੀ ਆਦਿ ਹਾਜ਼ਰ ਸਨ।