ਪੱਤਰ ਪ੍ਰੇਰਕ
ਪਠਾਨਕੋਟ, 15 ਮਈ
ਇੱਥੇ ਪਠਾਨਕੋਟ-ਗੁਸਾਈਂਪੁਰ ਸੜਕ ’ਤੇ ਕੋਠੇ ਮਨਵਾਲ ਨੇੜੇ ਸੈਨੇਟਰੀ ਦੇ ਸ਼ੋਅਰੂਮ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰ ਜਾਂਦੇ ਸਮੇਂ ਸੀਸੀਟੀਵੀ ਦਾ ਰਿਕਾਰਡਿੰਗ ਕਰਨ ਵਾਲਾ ਡੀਵੀਆਰ ਵੀ ਖੋਲ੍ਹ ਕੇ ਨਾਲ ਲੈ ਗਏ। ਪੀੜਤ ਕਾਰੋਬਾਰੀ ਰਜਤ ਖੋਸਲਾ ਅਤੇ ਸਤੀਸ਼ ਖੋਸਲਾ ਨੇ ਦੱਸਿਆ ਕਿ ਉਹ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ੋਅਰੂਮ ਬੰਦ ਕਰਕੇ ਗਏ ਸਨ ਅਤੇ ਰਾਤ 2 ਵਜੇ ਦੇ ਕਰੀਬ ਉਨ੍ਹਾਂ ਸੀਸੀਟੀਵੀ ਦੇ ਮਾਧਿਅਮ ਨਾਲ ਘਰ ਤੋਂ ਹੀ ਚੈੱਕ ਕੀਤਾ। ਤਦ ਤੱਕ ਤਾਂ ਸਭ ਕੁੱਝ ਠੀਕ-ਠਾਕ ਸੀ ਪਰ ਜਦ ਅੱਜ ਸਵੇਰੇ ਸ਼ੋਅਰੂਮ ’ਤੇ ਆਏ ਤਾਂ ਦੇਖਿਆ ਕਿ ਪੂਜਾ ਸਥਾਨ ’ਤੇ ਰੱਖੇ ਚਾਂਦੀ ਦੇ ਸਿੱਕੇ ਗਾਇਬ ਸਨ ਅਤੇ ਸਾਰਾ ਸਾਮਾਨ ਵੀ ਖਿੱਲਰਿਆ ਪਿਆ ਸੀ। ਪਖਾਨਿਆਂ ਵਿੱਚ ਲਗਾਉਣ ਵਾਲੇ ਸੈਨੇਟਰੀ ਦੇ ਮਹਿੰਗੇ ਸੈਟ ਗਾਇਬ ਸਨ। ਚੋਰ ਆਪਣੇ ਨਾਲ ਡੀਵੀਆਰ ਸਿਸਟਮ ਵੀ ਲੈ ਗਏ ਤਾਂ ਜੋ ਕੋਈ ਸਬੂਤ ਨਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਉਨ੍ਹਾਂ ਦਾ ਢਾਈ ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਐੱਸਐੱਚਓ ਜਗਵਿੰਦਰ ਸਿੰਘ ਅਤੇ ਏਐੱਸਆਈ ਗੁਰਦੇਵ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਮੌਕਾ ਮੁਆਇਨਾ ਕਰਕੇ ਜਾਂਚ ਆਰੰਭ ਦਿੱਤੀ ਹੈ।
ਤਿੰਨ ਦੁਕਾਨਾਂ ’ਚੋਂ ਨਕਦੀ ਤੇ ਸਾਮਾਨ ਚੋਰੀ
ਸ਼ਾਹਕੋਟ (ਪੱਤਰ ਪ੍ਰੇਰਕ): ਮਲਸੀਆਂ ਵਿਚ ਤਿੰਨ ਦੁਕਾਨਾਂ ’ਚੋਂ ਲਗਪਗ 25 ਹਜ਼ਾਰ ਰੁਪਏ ਨਕਦੀ ਅਤੇ ਸਾਮਾਨ ਚੋਰੀ ਹੋ ਗਿਆ। ਨਵ ਦੁਰਗਾ ਟਰੇਡਰਜ਼ ਦੇ ਮਾਲਕ ਕੌਸ਼ਲ ਗੁਪਤਾ ਦੇ ਖਾਦ ਸਟੋਰ ’ਚੋਂ ਕਰੀਬ 15 ਹਜ਼ਾਰ ਰੁਪਏ, ਤਨੇਜਾ ਫੁੱਟ ਵੀਅਰ ਦੇ ਮਾਲਕ ਕ੍ਰਿਸ਼ਨ ਲਾਲ ਤਨੇਜਾ ਦੀ ਦੁਕਾਨ ’ਚੋਂ 1500 ਰੁਪਏ ਦੀ ਨਕਦੀ ਅਤੇ ਬੂਟਾਂ ਦੇ ਜੋੜੇ ਅਤੇ ਇਕ ਹੋਰ ਦੁਕਾਨ ’ਚੋਂ 8,000 ਰੁਪਏ ਅਤੇ ਮੋਬਾਈਲ ਚੋਰੀ ਕੀਤਾ ਗਿਆ ਹੈ। ਚੋਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਚੌਕੀ ਮਲਸੀਆਂ ਨੂੰ ਸੂਚਿਤ ਕਰ ਦਿੱਤਾ ਹੈ।