ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਮਈ
ਮਾਲ ਮਹਿਕਮੇ ’ਚ ਫੈਲੇ ਭ੍ਰਿਸ਼ਟਾਚਾਰ, ਰਜਿਸਟਰੀਆਂ ’ਚ ਜਨਤਾ ਦੀ ਖੱਜਲ ਖੁਆਰੀ, ਐੱਨਓਸੀ ਦੀ ਆੜ ’ਚ ਲੁੱਟ, ਵਿਆਹ ਰਜਿਸਟਰਡ ਕਰਵਾਉਣ ਦੇ ਸਰਟੀਫਿਕੇਟ ਤੋਂ ਲੈ ਕੇ ਹੋਰ ਕੰਮਾਂ ’ਚ ਕਥਿਤ ਰਿਸ਼ਵਤਖੋਰੀ ਖ਼ਿਲਾਫ਼ ਲੋਕ ਰੋਹ ਵਧਿਆ ਹੈ। ਇਸੇ ਤਰ੍ਹਾਂ ਨਗਰ ਕੌਂਸਲ ’ਚ ਐਨਓਸੀ ਤੋਂ ਲੈ ਕੇ ਨਕਸ਼ੇ ਆਦਿ ਤੱਕ ’ਚ ਫੈਲੇ ਭ੍ਰਿਸ਼ਟਾਚਾਰ ਦਾ ਮਾਮਲਾ ਵੀ ਗੂੰਜਣ ਲੱਗਿਆ ਹੈ। ਇਲਾਕੇ ਦੀਆਂ ਜਨਤਕ, ਇਨਕਲਾਬੀ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਦਾ ਇਕ ਸਾਂਝਾ ਵਫ਼ਦ ਅੱਜ ਉਪ ਮੰਡਲ ਮੈਜਿਸਟਰੇਟ ਨੂੰ ਮਿਲਿਆ। ਇਸ ਸਮੇਂ ਕੁਝ ਪੀੜਤ ਵੀ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਸਾਹਮਣੇ ਪੇਸ਼ ਕੀਤੇ ਗਏ। ਵਫ਼ਦ ਤੇ ਪੀੜਤਾਂ ਦੀਆਂ ਗੱਲਾਂ ਸੁਣ ਕੇ ਇਕ ਵਾਰ ਐੱਸਡੀਐੱਮ ਵੀ ਹੈਰਾਨ ਰਹਿ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਸ਼ਿਕਾਇਤ ਪੜਤਾਲ ਲਈ ਭੇਜੀ ਅਤੇ ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਤਹਿਸੀਲਦਾਰ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਮੀਟਿੰਗ ਕਰ ਕੇ ਲੋੜੀਂਦੇ ਕਦਮ ਚੁੱਕਣ ਅਤੇ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ। ਵਫ਼ਦ ਦੀ ਮੰਗ ’ਤੇ ਤਹਿਸੀਲ ਕੰਪਲੈਕਸ ’ਚ ਹਰ ਕੰਮ ਦੇ ਰੇਟ ਵਾਲੇ ਬੋਰਡ ਲਾਉਣ ’ਤੇ ਵੀ ਸਹਿਮਤੀ ਬਣੀ। ਵਫ਼ਦ ਦੀ ਅਗਵਾਈ ਕਰ ਰਹੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਤਾਂ ਇਸ ਸਾਰੇ ‘ਗੋਰਖਧੰਦੇ’ ਵਿੱਚ ਹਾਕਮ ਧਿਰ ਦੇ ਪ੍ਰਮੁੱਖ ਆਗੂ ਦੇ ਸ਼ਾਮਲ ਹੋਣ ਤੱਕ ਦੇ ਦੋਸ਼ ਲਾਏ। ਵਫ਼ਦ ਨੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜ਼ਮੀਨ ਦੀ ਰਜਿਸਟਰੀ ਲਈ ਨਗਰ ਕੌਂਸਲ ਹਦੂਦ ’ਚ ਕਿਸੇ ਵੀ ਤਰ੍ਹਾਂ ਦੇ ਨਾ ਇਤਰਾਜ਼ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ ਰਿਸ਼ਵਤ ਦੇਣ ’ਤੇ ਰਜਿਸਟਰੀ ਬਿਨਾਂ ਐੱਨਓਸੀ ਦੇ ਵੀ ਹੋ ਜਾਂਦੀ ਹੈ। ਕੁਝ ਪ੍ਰਾਪਰਟੀ ਡੀਲਰਾਂ ਨੇ ਵੀ ਰਿਸ਼ਵਤਖੋਰੀ ਬਾਰੇ ਅਹਿਮ ਖੁਲਾਸੇ ਕੀਤੇ। ਵਫ਼ਦ ’ਚ ਅਵਤਾਰ ਸਿੰਘ ਰਸੂਲਪੁਰ, ਦਲਜੀਤ ਸਿੰਘ ਰਸੂਲਪੁਰ, ਜਗਦੀਪ ਸਿੰਘ, ਗੁਰਬਖਸ਼ ਸਿੰਘ, ਬੂਟਾ ਸਿੰਘ ਹਾਂਸ, ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ, ਹਰਬੰਸ ਸਿੰਘ ਅਖਾੜਾ, ਬਲਦੇਵ ਸਿੰਘ ਫੌਜੀ ਆਦਿ ਸ਼ਾਮਲ ਸਨ, ਜਿਨ੍ਹਾਂ ਮਸਲਾ ਹੱਲ ਨਾ ਹੋਣ ’ਤੇ ਧਰਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ ਤੇ ਸੁਖਵਿੰਦਰ ਸਿੰਘ ਗਰੇਵਾਲ ਵੀ ਮੌਜੂਦ ਸਨ।