ਪੱਤਰ ਪ੍ਰੇਰਕ
ਹੰਢਿਆਇਆ, 15 ਮਈ
ਕਸਬੇ ਵਿੱਚ ਘਰੇਲੂ ਕਲੇਸ਼ ਮਗਰੋਂ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਵਿਆਹੁਤਾ ਦੀ ਮੌਤ ਹੋ ਗਈ। ਪੁਲੀਸ ਚੌਕੀ ਹੰਢਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸੁਰਜੀਤ ਕੌਰ ਉਰਫ਼ ਸੀਤਾ (28) ਪਤਨੀ ਚਮਕੌਰ ਸਿੰਘ ਵਾਸੀ ਹੰਢਿਆਇਆ ਨੇ ਬੀਤੀ ਸ਼ਾਮ ਘਰੇਲੂ ਕਲੇਸ਼ ਕਾਰਨ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਰਜੀਤ ਦੇ ਪਿਤਾ ਗੋਰਖਾ ਸਿੰਘ ਵਾਸੀ ਦਿਆਲਪੁਰਾ ਭਾਈਕਾ ਦੇ ਬਿਆਨਾਂ ’ਤੇ ਸੁਰਜੀਤ ਕੌਰ ਦੇ ਪਤੀ ਚਮਕੌਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਅਕਸਰ ਉਨ੍ਹਾਂ ਦੀ ਧੀ ਨਾਲ ਲੜਾਈ ਝਗੜਾ ਅਤੇ ਕੁੱਟਮਾਰ ਕਰਦਾ ਰਹਿੰਦਾ ਸੀ।