ਜਸਵੀਰ ਸਿੰਘ ਭੁੱਲਰ
ਦੋਦਾ, 15 ਮਈ
ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਅੱਜ ਦੋਦਾ ਵਿਖੇ ਚੋਣ ਪ੍ਰਚਾਰ ਕਰਨ ਲਈ ਰਮੇਸ਼ ਕੁਮਾਰ ਗੋਇਲ ਦੇ ਘਰ ਪੁੱਜੇ ਜਿਥੇ ਦਰਜਨ ਤੋਂ ਵੱਧ ਵਿਅਕਤੀ ਭਾਜਪਾ ਵਿਚ ਸ਼ਾਮਲ ਹੋਏ। ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦੇ ਵਿਰੋਧ ਲਈ ਮੁਕਤਸਰ ਜੈਤੋ ਸੜਕ ਦੇ ਦੋਵੇਂ ਪਾਸੇ ਜਾਮ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਖਾਲਸਾ ਦੀ ਅਗਵਾਈ ’ਚ ਵਿਰੋਧ ਕਰਦੇ 45 ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਕੇ ਥਾਣਾ ਕੋਟਭਾਈ ਵਿਚ ਡੱਕ ਦਿੱਤਾ ਅਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਅਤੇ ਬਲਾਕ ਆਗੂ ਗੁਰਭਗਤ ਸਿੰਘ ਭਲਾਈਆਣਾ ਤੇੇ ਬਿੱਟੂ ਮੱਲਣ, ਹਰਪਾਲ ਧੂਲਕੋਟ, ਜਸਵੀਰ ਦੋਦਾ, ਰਣਜੀਤ ਦੋਦਾ ਆਦਿ ਨੇ ਤਪਦੀ ਸੜਕ ਉਤੇ ਹੀ ਧਰਨਾ ਲਾ ਦਿੱਤਾ ਅਤੇ ਕਿਹਾ ਕਿ ਭਾਜਪਾ ਸਰਕਾਰ ਸਾਨੂੰ ਸਾਡੀਆਂ ਹੱਕੀ ਮੰਗਾਂ ਲਈ ਦਿੱਲੀ ਨਹੀਂ ਜਾਣ ਦੇ ਰਹੀ। ਇਸ ਕਰਕੇ ਉਹ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿਚ ਦਾਖਲ ਹੋਣ ਤੋਂ ਰੋਕ ਰਹੇ ਹਨ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿਚ ਹੱਥੋਪਾਈ ਤੱਕ ਦੀ ਨੌਬਤ ਵੀ ਆਈ। ਪਰ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਪੁਲੀਸ ਨੇ ਹੰਸ ਨੂੰ ਪਿੰਡ ਦੀਆਂ ਗਲੀਆਂ ਵਿਚੋਂ ਪ੍ਰੋਗਰਾਮ ਵਾਲੀ ਥਾਂ ਉਤੇ ਲਿਆਂਦਾ ਜਿਥੇ ਉਨ੍ਹਾਂ ਪੁਲੀਸ ਦੀ ਦੇਖ-ਰੇਖ ’ਚ ਚੋਣ ਪ੍ਰਚਾਰ ਕੀਤਾ ਅਤੇ ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਅਤੇ ਦਲਿਤ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਨੂੰ ਉਹ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਜਿੱਤ ਹਾਰ ਲੋਕਾਂ ਦੇ ਹੱਥ ਵਿਚ ਹੈ, ਜੋ ਵੀ ਲੋਕ ਫਤਵਾ ਹੋਵੇਗਾ ਉਨ੍ਹਾਂ ਨੂੰ ਸਿਰ ਮੱਥੇ ਪ੍ਰਵਾਨ ਹੋਵੇਗਾ। ਉਨ੍ਹਾਂ ਕਿਹਾ, ‘‘ਮੇਰੀ ਦੂਜੇ ਉਮੀਦਵਾਰਾਂ ਵਾਂਗ ਇਕ ਦੂਜੇ ਨੂੰ ਭੰਡਣ ਅਤੇ ਨੀਵਾਂ ਵਿਖਾਉਣ ਵਾਲੀ ਨੀਤੀ ਨਹੀਂ।’’ ਇਸ ਮੌਕੇ ਗੋਇਲ ਪਰਿਵਾਰ ਵੱਲੋਂ ਉਨ੍ਹਾਂ ਨੂੰ ਤਸਵੀਰ ਭੇਟ ਕੀਤੀ ਗਈ।