ਗੁਰਪ੍ਰੀਤ ਸਿੰਘ ਤੂਰ
ਆਲਮੀ ਫੁੱਟਬਾਲ ਕੱਪ ਦੁਨੀਆ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਖੇਡ ਮੇਲਾ ਹੈ। 2022 ਵਿਚ ਇਹ 20 ਨਵੰਬਰ ਤੋਂ 18 ਦਸੰਬਰ ਤੱਕ ਖਾੜੀ ਮੁਲਕ ਕਤਰ ਵਿਚ ਖੇਡਿਆ ਗਿਆ। ਫੀਫਾ ਦੁਆਰਾ ਸਾਰੇ ਮਹਾਂਦੀਪਾਂ ਨੂੰ ਪ੍ਰਤੀਨਿਧਤਾ ਦਿੰਦਿਆਂ 32 ਦੇਸ਼ਾਂ ਨੂੰ ਇਹ ਕੱਪ ਖੇਡਣ ਦਾ ਮਾਣ ਹਾਸਲ ਹੋਇਆ। ਟੀਮਾਂ ਚਾਰ ਚਾਰ ਦੇ ਅੱਠ ਗਰੁੱਪਾਂ ਵਿਚ ਵੰਡੀਆਂ ਗਈਆਂ। ਪਹਿਲੇ ਗੇੜ ‘ਚ ਹਰ ਟੀਮ ਪੂਲ ਦੀਆਂ ਤਿੰਨ ਟੀਮਾਂ ਨਾਲ ਖੇਡੀ ਅਤੇ ਪਹਿਲੇ ਤੇ ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ ਦੂਜੇ ਗੇੜ ਦੇ ਮੈਚ ਖੇਡਣ ਦਾ ਮੌਕਾ ਮਿਲਿਆ। ਪਹਿਲੇ ਦੌਰ ਦੇ ਮੁਕਾਬਲੇ ਹੀ ਇੰਨੇ ਸਖ਼ਤ ਸਨ ਕਿ ਜਰਮਨੀ, ਬੈਲਜੀਅਮ ਅਤੇ ਉਰੂਗਏ ਵਰਗੀਆਂ ਸ਼ਕਤੀਸ਼ਾਲੀ ਟੀਮਾਂ ਇਸੇ ਦੌਰ ਵਿਚੋਂ ਬਾਹਰ ਹੋ ਗਈਆਂ।
ਪਹਿਲੇ ਗੇੜ ਵਿਚੋਂ 32 ਵਿਚੋਂ 16, ਦੂਜੇ ਗੇੜ ਵਿਚੋਂ 8, ਕੁਆਟਰਫਾਈਨਲ ਵਿਚੋਂ 4, ਸੈਮੀਫਾਈਨਲ ਵਿਚੋਂ 2, ਇਵੇਂ ਫਾਈਨਲ ਕੱਪ ਜਿੱਤਣ ਵਾਲੀ ਟੀਮ ਨੂੰ ਆਖ਼ਰੀ ਚਾਰ ਮੈਚ ਜਿੱਤਣੇ ਜ਼ਰੂਰੀ ਸਨ। ਅਰਜਨਟਾਈਨਾ ਇਸ ਸ਼ਰਤ ‘ਤੇ ਪੂਰਾ ਉਤਰਿਆ, ਉਸ ਨੇ 36 ਵਰ੍ਹਿਆਂ ਬਾਅਦ ਸੰਸਾਰ ਕੱਪ ਜਿੱਤਣ ਦਾ ਸੁਪਨਾ ਪੂਰਾ ਕਰ ਲਿਆ। 18 ਦਸੰਬਰ ਦੀ ਰਾਤ ਨੂੰ ਜਦੋਂ ਮੈਸੀ ਨੇ ਸੰਸਾਰ ਕੱਪ ਚੁੰਮਿਆ ਤਾਂ ਰੇਤਲੇ ਅਰਬ ਦੇ ਕਣ ਕਣ ‘ਚ ਮਤਾਬੀ ਭਾਅ ਮਾਰਨ ਲੱਗੀ।
ਹਰ ਪੂਲ ਵਿਚ ਗਹਿ-ਗੱਚ ਮੁਕਾਬਲਾ ਸੀ। ਮੁਕਾਬਲੇ ਅਤੇ ਉਲਟ-ਫੇਰ ਪੱਖੋਂ ਕਈ ਪੂਲ ‘ਪੂਲ ਆਫ ਡੈੱਥ’ ਅਖਵਾਏ। ਹਰ ਪੂਲ ਦੇ ਆਖ਼ਰੀ ਦੋਵੇਂ ਮੈਚ ਇੱਕੋ ਸਮੇਂ ਖੇਡੇ ਗਏ ਤਾਂ ਜੋ ਕੋਈ ਦੋ ਟੀਮਾਂ ਦੂਜਾ ਨਤੀਜਾ ਦੇਖ ਕੇ ਕੋਈ ਗਿਣੀ-ਮਿਥੀ ਖੇਡ ਨਾ ਖੇਡ ਸਕਣ। ਪਹਿਲੇ ਗੇੜ ਦੇ ਆਖ਼ਰੀ ਮੈਚ ਖੇਡਦਿਆਂ ਕਈ ਪੂਲ ਥਾਲੀ ਵਿਚ ਪਏ ਪਾਣੀ ਵਾਂਗ ਡੋਲੇ। ਨਮੂਨੇ ਦੇ ਤੌਰ ‘ਤੇ ਇਸ ਲੇਖ ਵਿਚ ਪੂਲ ‘ਈ’ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ।
ਸਪੇਨ ਤੇ ਜਪਾਨ ਅਤੇ ਜਰਮਨੀ ਤੇ ਕੋਸਟਾਰੀਕਾ ਪੂਲ ‘ਈ’ ਦੇ ਆਖ਼ਰੀ ਮੈਚ ਦੇਰ ਰਾਤ ਸਾਢੇ ਅੱਠ ਵਜੇ ਖੇਡੇ ਗਏ। ਡੂੰਘੀ ਰਾਤ ਕਈ ਡਰ ਪੈਦਾ ਕਰਦੀ ਹੈ। ਜਰਮਨੀ ਲਈ ਇਹੋ ਸੱਚ ਸਾਬਤ ਹੋਇਆ। ਜਪਾਨ ਤੋਂ ਪਹਿਲੇ ਹੀ ਮੈਚ ਵਿਚ ਹਾਰਨ ਤੋਂ ਬਾਅਦ ਵੀ ਕਾਗਜ਼ਾਂ ‘ਤੇ ਉਨ੍ਹਾਂ ਲਈ ਸਭ ਕੁਝ ਠੀਕ-ਠਾਕ ਲੱਗ ਰਿਹਾ ਸੀ। ਜਰਮਨੀ, ਕੋਸਟਾਰੀਕਾ ਨੂੰ ਹਰਾ ਦੇਵੇ ਅਤੇ ਦੂਜੇ ਮੈਚ ਵਿਚ ਸਪੇਨ ਜਪਾਨ ਨੂੰ ਹਰਾ ਦੇਵੇ ਜਾਂ ਇਹ ਮੈਚ ਬਰਾਬਰ ਰਹਿ ਜਾਵੇ ਤਾਂ ਜਰਮਨੀ ਦਾ ਅਗਲੇ ਦੌਰ ਵਿਚ ਪਹੁੰਚਣਾ ਤੈਅ ਹੋ ਜਾਣਾ ਸੀ ਲੇਕਿਨ ਜਰਮਨੀ ਦੇ ਦਰਸ਼ਕ ਆਪਣੇ ਦੇਸ਼ ਦੇ ਆਖ਼ਰੀ ਮੈਚ ਵਿਚ ਦੋ ਗੋਲਾਂ ਦੇ ਫਰਕ ਨਾਲ ਅੱਗੇ ਹੁੰਦਿਆਂ ਵੀ ਖੁਸ਼ ਨਹੀਂ ਸਨ ਕਿਉਂਕਿ ਉਸੇ ਸਮੇਂ ਜਪਾਨ ਤੇ ਸਪੇਨ ਦਾ ਮੈਚ ਬਰਾਬਰੀ ‘ਤੇ ਚੱਲ ਰਿਹਾ ਸੀ, 10-12 ਮਿੰਟ ਬਾਕੀ ਰਹਿ ਗਏ ਸਨ। ਦੋਵੇਂ ਟੀਮਾਂ ਦੇ ਹਮਲੇ ਸਾਉਣ ਦੇ ਛਰਾਟਿਆਂ ਵਾਂਗ ਸ਼ੂਕਣ ਲੱਗੇ। ਆਖ਼ਰੀ ਪਲਾਂ ਵਿਚ ਜਪਾਨ ਨੇ ਜਵਾਬੀ ਹਮਲੇ ਵਿਚ ਜਦ ਗੋਲ ਦਾਗ਼ਿਆ ਤਾਂ ਸਟੇਡੀਅਮ ਵਿਚ ਬੱਚੇ ਗੋਦ ਲਈ ਬੈਠੀਆਂ ਜਪਾਨੀ ਮੁਟਿਆਰਾਂ ਨੇ ਖੁਸ਼ੀ ਵਿਚ ਬੱਚਿਆਂ ਨੂੰ ਉਪਰ ਉਛਾਲਿਆ, ਤੇ ਜਦ ਬੱਚਿਆਂ ਨੂੰ ਦੁਬਾਰਾ ਫੜਿਆ ਤਾਂ ਪਰਦੇ ‘ਤੇ ਬਹੁਤ ਕੁਝ ਬਦਲ ਚੁੱਕਾ ਸੀ। ਜਰਮਨੀ ਪਹਿਲੇ ਹੀ ਗੇੜ ‘ਚ ਬਹਾਰ ਹੋ ਗਿਆ, ਸਪੇਨ ਪੂਲ ਦੇ ਦੂਜੇ ਨੰਬਰ ‘ਤੇ ਖਿਸਕ ਗਿਆ, ਜਾਪਾਨ ਪੂਲ ਦੇ ਸਿਖਰ ‘ਤੇ ਪਹੁੰਚ ਗਿਆ। ਇਸ ਪੂਲ ਦੀ ਸਥਿਤੀ ਆਖ਼ਰੀ 15 ਮਿੰਟਾਂ ਵਿਚ 7 ਵਾਰ ਅਦਲਾ ਬਦਲੀ ਕਰ ਗਈ ਸੀ।
ਪਹਿਲੇ ਤੇ ਦੂਜੇ ਗੇੜ ਤੋਂ ਬਾਅਦ ਅਤੇ ਸੈਮੀਜ਼ ਅਤੇ ਫਾਈਨਲ ਤੋਂ ਪਹਿਲਾਂ, ਕੁਆਟਰਫਾਈਨਲਜ਼ ਟੂਰਨਾਮੈਂਟ ਦਾ ਵਿਚਕਾਰਲਾ ਹਿੱਸਾ ਸੀ। ਇਹ ਪੜਾਅ ਸਭ ਤੋਂ ਵੱਧ ਗਤੀਸ਼ੀਲ ਤੇ ਸੰਘਰਸ਼ਸ਼ੀਲ ਨਜ਼ਰ ਆਇਆ, ਫਾਈਨਲ ਮੈਚ ਇਸ ਦਾ ਸਿਖਰ ਸੀ। ਕੁਆਟਰਜ਼ ਮੋਰਾਕੋ ਤੇ ਪੁਰਤਗਾਲ, ਬ੍ਰਾਜ਼ੀਲ ਤੇ ਕੋਰੇਸ਼ੀਆ, ਅਰਜਨਟਾਈਨਾ ਤੇ ਨੀਦਰਲੈਂਡ, ਫਰਾਂਸ ਤੇ ਇੰਗਲੈਂਡ ਵਿਚਕਾਰ ਖੇਡੇ ਗਏ।
ਪ੍ਰੀਕੁਆਟਰ ਮੈਚ ਵਿਚ ਸਪੇਨ ਨੂੰ ਹਰਾ ਕੇ ਮੋਰਾਕੋ ਪਹਿਲਾਂ ਹੀ ਧਮਾਕਾ ਕਰ ਚੁੱਕਿਆ ਸੀ, ਇਸੇ ਲੈਅ ਵਿਚ ਉਸ ਨੇ ਪੁਰਤਗਾਲ ਨੂੰ ਕੁਆਟਰਫਾਈਨਲ ਵਿਚ ਹਰਾਇਆ। ਦੂਜੇ ਅੱਧ ਵਿਚ ਮੋਰਾਕੋ ਨੇ ਇੱਕ ਗੋਲ ਦੀ ਲੀਡ ਹਾਸਲ ਕੀਤੀ ਅਤੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਿਆ। ਆਖ਼ਰੀ ਵੀਹ ਮਿੰਟ ਪੁਰਤਗਾਲ ਦੇ ਤੇਜ਼ ਤਰਾਰ ਫਾਰਵਰਡਾਂ ਨੇ ਤਾਬੜ-ਤੋੜ ਹਮਲੇ ਕੀਤੇ ਲੇਕਿਨ ਕੋਈ ਬਾਲ ਪੋਲ ਨਾਲ ਟਕਰਾ ਕੇ ਵਾਪਸ ਮੁੜ ਆਉਂਦੀ, ਕੋਈ ਤਿਰਛੀ ਅਤੇ ਕੋਈ ਪੋਲ ਦੇ ਉਪਰ ਦੀ ਲੰਘ ਜਾਂਦੀ। ਪੁਰਤਗਾਲ ਦੇ ਖਿਡਾਰੀ ਵਾਰੀ ਵਾਰੀ, ਕਚੀਚੀਆਂ ਵੱਟਦੇ ਅਤੇ ਸਿਰ ਝਟਕਦੇ ਦੇਖੇ ਗਏ ਲੇਕਿਨ ਮੋਰਾਕੋ ਦੀ ਟੀਮ ਆਪਣੇ ਦਰਸ਼ਕਾਂ ਨੂੰ ਸੈਮੀਫਾਈਨਲ ਦਾ ਅਨਮੋਲ ਤੋਹਫ਼ਾ ਦੇ ਚੁੱਕੀ ਸੀ। ਇਸ ਜਿੱਤ ਨੇ ਮੋਰਾਕੋ ਦੇ ਲੋਕਾਂ ਨੂੰ ਇੰਨਾ ਹੁਲਾਰਾ ਦਿੱਤਾ ਕਿ ਉਹ ਸੈਮੀਫਾਈਨਲ ਮੈਚ ਦੇਖਣ ਲਈ ਜਹਾਜ਼ ਭਰ ਭਰ ਕੇ ਕਤਰ ਪਹੁੰਚਣ ਲੱਗੇ। ਲੋਕਾਂ ਦਾ ਇਕੱਠ ਦੇਖ ਕੇ ਕਤਰ ਨੂੰ ਮੋਰਾਕੋ ਤੋਂ ਆਉਂਦੀਆਂ 7 ਉਡਾਣਾਂ ਵਾਪਸ ਮੋੜਨੀਆਂ ਪਈਆਂ। ਖੇਡ ਸੰਸਾਰ ਵਿਚ ਅਜਿਹਾ ਫੁੱਟਬਾਲ ਦੀ ਦੁਨੀਆ ਵਿਚ ਹੀ ਸੰਭਵ ਹੈ।
ਬ੍ਰਾਜ਼ੀਲ ਤੇ ਕੋਰੇਸ਼ੀਆ ਦਾ ਕੁਆਟਰਫਾਈਨਲ ਮੈਚ 90 ਮਿੰਟਾਂ ਤੱਕ ਬਰਾਬਰੀ ‘ਤੇ ਸਮਾਪਤ ਹੋਇਆ ਲੇਕਿਨ ਵਾਧੂ ਸਮੇਂ ਦੌਰਾਨ ਬ੍ਰਾਜ਼ੀਲ ਦੇ ਨੇਮਾਰ ਨੇ ਜਦ ਗੋਲਕੀਪਰ ਨੂੰ ਕੱਟ ਕੇ ਸ਼ਾਨਦਾਰ ਗੋਲ ਕੀਤਾ ਤਾਂ ਗੰਭੀਰ ਬੈਠੀਆਂ ਬ੍ਰਾਜ਼ੀਲ ਦੀਆਂ ਧੀਆਂ ਖੁਸ਼ੀ ਵਿਚ ਝੂਮਣ ਲੱਗੀਆਂ। ਮੈਚ ਸਮਾਪਤੀ ਵੱਲ ਵੱਧ ਰਿਹਾ ਸੀ ਲੇਕਿਨ ਚਾਰ ਮਿੰਟ ਰਹਿੰਦਿਆਂ ਕੋਰੇਸ਼ੀਆ ਦੇ ਖੱਬੇ ਵਿੰਗਰ ਦੇ ਸ਼ਾਨਦਾਰ ਕਰਾਸ ‘ਤੇ ਉਨ੍ਹਾਂ ਦੇ ਫਾਰਵਰਡ ਖਿਡਾਰੀ ਨੇ ਗੋਲ ਉਤਾਰ ਦਿੱਤਾ। ਨੱਚਦੀਆਂ-ਟੱਪਦੀਆਂ ਬ੍ਰਾਜ਼ੀਲੀ ਕੁੜੀਆਂ ਹੁਣ ਥੰਮ੍ਹ ਬਣ ਗਈਆਂ। ਜਦ ਪੈਨਲਟੀ ਕਿੱਕਾਂ ਲੱਗਣ ਲੱਗੀਆਂ ਤਾਂ ਬ੍ਰਾਜ਼ੀਲ ਦੇ ਪਹਿਲੇ ਖਿਡਾਰੀ ਦੀ ਪੈਨਲਟੀ ਕਿੱਕ ਹੀ ਖੁੰਝ ਗਈ। ਕੋਰੇਸ਼ੀਆ ਦੇ ਚੌਥੇ ਖਿਡਾਰੀ ਦੀ ਕਿੱਕ ਖੱਬੇ ਪੋਲ ਨਾਲ ਖਹਿ ਕੇ ਮਸਾਂ ਹੀ ਗੋਲ ਅੰਦਰ ਗਈ ਲੇਕਿਨ ਬ੍ਰਾਜ਼ੀਲ ਦੇ ਚੌਥੇ ਖਿਡਾਰੀ ਦੀ ਕਿੱਕ ਉਸੇ ਪੋਲ ਨਾਲ ਟਕਰਾ ਕੇ ਵਾਪਸ ਪਰਤ ਆਈ। ਫੁੱਟਬਾਲ ਦਾ ਮੱਕਾ ਸਮਝੇ ਜਾਂਦੇ ਬ੍ਰਾਜ਼ੀਲ ਲਈ ਭਾਣਾ ਵਰਤ ਚੁੱਕਿਆ ਸੀ, ਉਹ ਕੁੜੀਆਂ ਹੁਣ ਧਾਹੀਂ ਰੋਣ ਲੱਗੀਆਂ। ਸੁੱਖ ਹੋਵੇ ਜਾਂ ਦੁੱਖ, ਔਰਤ ਹੀ ਸਿਖਰਾਂ ਤੇ ਡੂੰਘਾਈਆਂ ਮਾਪਣ ਦੀ ਸਮਰੱਥਾ ਰੱਖਦੀ ਹੈ। ਉੱਧਰ ਜਿੱਤ ਪਿੱਛੋਂ ਕੋਰੇਸ਼ੀਆ ਦੇ ਖਿਡਾਰੀ ਮੈਦਾਨ ਦਾ ਇਉਂ ਚੱਕਰ ਲਾਉਣ ਲੱਗੇ ਜਿਵੇਂ ਸ਼ਾਮ ਪਈ ‘ਤੇ ਚੀਨੇ ਕਬੂਤਰ ਪਿੰਡ ਦੇ ਚੱਕਰ ਲਾਉਂਦੇ ਹਨ।
ਫਰਾਂਸ ਮੋਰਾਕੋ ਨੂੰ ਅਤੇ ਅਰਜਨਟਾਈਨਾ ਕੋਰੇਸ਼ੀਆ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੇ ਸਨ। ਗਹਿ-ਗੱਚ ਫਾਈਨਲ ਮੁਕਾਬਲਾ ਤੈਅ ਹੋ ਚੁੱਕਿਆ ਸੀ। ਮਾਹਰ ਮੈਸੀ ਅਤੇ ਮਬਾਪੇ ਨੂੰ ਬਰੋ-ਬਰਾਬਰ ਰੱਖ ਕੇ ਦੇਖਣ ਲੱਗੇ। ਮੈਸੀ ਹੱਥ ਸਬਰ, ਤਜਰਬਾ ਅਤੇ ਦੇਸ਼ ਵਾਸੀਆਂ ਦੀ ਚਾਹਤ ਤੇ ਦੁਆਵਾਂ ਸਨ; ਮਬਾਪੇ ਮੰਝੇ ਹੋਏ ਫੁੱਟਬਾਲਰ ਦੇ ਨਾਲ ਨਾਲ ਚੋਟੀ ਦਾ ਅਥਲੀਟ ਹੋਣ ਦਾ ਭੁਲੇਖਾ ਪਾਉਂਦਾ ਸੀ। 2018 ਦੇ ਫੁੱਟਬਾਲ ਸੰਸਾਰ ਕੱਪ ਫਾਈਨਲ ਦੌਰਾਨ ਮਬਾਪੇ ਨੇ ਥਰੂ-ਗਰਾਊਂਡ ਬਾਲਾਂ 40-50 ਮੀਟਰ ਭੱਜ ਭੱਜ ਕੇ ਫੜੀਆਂ ਤੇ ਪਿੱਛੇ ਦਿੱਤੇ ਕਰਾਸ ‘ਤੇ ਉਸ ਦੇ ਸਾਥੀ ਫਾਰਵਰਡਾਂ ਨੇ ਸ਼ਾਨਦਾਰ ਗੋਲ ਕੀਤੇ ਸਨ। ਉਦੋਂ ਉਸ ਦੀਆਂ ਅਜਿਹੀਆਂ ਤਿੰਨ-ਚਾਰ ਦੌੜਾਂ ਨੇ ਹੀ ਮੈਚ ਦਾ ਫੈਸਲਾ ਕਰ ਦਿੱਤਾ ਸੀ। 18 ਦਸੰਬਰ 2022 ਦਾ ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਮਬਾਪੇ ਦੀਆਂ ਉਹ ਤਸਵੀਰਾਂ ਅੱਖਾਂ ਅੱਗੇ ਘੁੰਮਣ ਲੱਗੀਆਂ ਲੇਕਿਨ ਅਰਜਨਟਾਈਨਾ ਦੀ ਰੱਖਿਆ ਕਤਾਰ ਨੇ ਇਸ ਤੂਫ਼ਾਨ ਨੂੰ ਠੱਲ੍ਹਿਆ ਅਤੇ ਮੈਸੀ ਦੀ ਅਗਵਾਈ ਵਿਚ ਉਨ੍ਹਾਂ ਦੇ ਫਾਰਵਰਡਾਂ ਨੇ ਜ਼ੋਰਦਾਰ ਹਮਲੇ ਕੀਤੇ। ਚਿੱਟੇ ਤੇ ਅਸਮਾਨੀ ਰੰਗ ਦੀਆਂ ਧਾਰੀਆਂ ਲੜਾਕੂ ਜਹਾਜ਼ਾਂ ਵਾਂਗ ਫਰਾਂਸ ਦੇ ਗੋਲਾਂ ਵੱਲ ਵਧਣ ਲੱਗੀਆਂ। ਅਰਜਨਟਾਈਨਾ ਦੇ ਡੀ ਮਾਰੀਆ ਦਾ ਦੂਜਾ ਗੋਲ ਲਾਤੀਨੀ ਅਮਰੀਕੀ ਦੀ ਫੁੱਟਬਾਲ ਖੇਡ ਦਾ ਕਲਾਤਮਿਕ ਕਮਾਲ ਸੀ। ਦੂਜੇ ਅੱਧ ਵਿਚ ਅਰਜਨਟਾਈਨਾ ਨੇ ਮਬਾਪੇ ਦੇ ਝਟਕਿਆਂ ਨੂੰ ਸਹਿਣ ਕੀਤਾ ਅਤੇ ਪੈਨਲਟੀ ਸ਼ੂਟ ਆਊਟ ਰਾਹੀਂ ਸੰਸਾਰ ਕੱਪ ਜਿੱਤਿਆ। ਅਰਜਨਟਾਈਨਾ ਦੇ ਖਿਡਾਰੀ ਆਲਮੀ ਫੁੱਟਬਾਲ ਕੱਪ ਜਿੱਤ ਕੇ ਜਦ ਵਤਨ ਵਾਪਸ ਪਰਤੇ ਤਾਂ ਉਨ੍ਹਾਂ ਦੇ ਸਵਾਗਤ ਲਈ ਉਮੜੀ ਦੇਸ਼ ਵਾਸੀਆਂ ਦੀ ਭੀੜ ਸਾਹਮਣੇ ਡਰੋਨ ਕੈਮਰਾ ਅਸਮਰੱਥ ਨਜ਼ਰ ਆਇਆ।
ਗੈਸ, ਤੇਲ, ਅਲ-ਜ਼ਜੀਰਾ ਤੇ ਆਲਮੀ ਫੁੱਟਬਾਲ ਕੱਪ- ਕਤਰ ਦੇ ਝੰਡੇ ਬੁਲੰਦ ਹਨ। ਊਰਜਾ ਦੇ ਕੁਦਰਤੀ ਭੰਡਾਰਾਂ ਨੇ ਕਤਰ ਦੇ ਰੇਤਲੇ ਕਣਾਂ ਨੂੰ ਮੋਤੀ ਬਣਾ ਦਿੱਤਾ। ਕਤਰ ਦੀ ਪ੍ਰਤੀ ਵਿਅਕਤੀ ਆਮਦਨੀ ਸਿਖਰਾਂ ਛੂੰਹਦੀ ਹੈ, ਉਹ ਸੌ ਬਿਲੀਅਨ ਡਾਲਰ ਤੋਂ ਵੱਧ ਦਾ ਸਾਲਾਨਾ ਬਰਾਮਦ ਕਰਦਾ ਹੈ। 2 ਦਸੰਬਰ 2010 ਨੂੰ ਫੀਫਾ ਨੇ 2022 ਦਾ ਆਲਮੀ ਫੁੱਟਬਾਲ ਕੱਪ ਕਤਰ ‘ਚ ਕਰਾਉਣ ਦਾ ਫੈਸਲਾ ਕੀਤਾ ਸੀ। 8 ਸ਼ਾਨਦਾਰ ਸਟੇਡੀਅਮਾਂ ਦੇ ਨਾਲ ਨਾਲ ਉਨ੍ਹਾਂ ਦਰਸ਼ਕਾਂ ਦੇ ਰਹਿਣ, ਆਉਣ-ਜਾਣ, ਘੁੰਮਣ-ਫਿਰਨ, ਖਾਣ-ਪੀਣ ਆਦਿ ਸਭ ਸੁੱਖ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ; ਖਾਸ ਤੌਰ ‘ਤੇ ਰਾਤ ਦੇ ਮੈਚ ਸ਼ੁਰੂ ਹੋਣ ਸਮੇਂ ਸਟੇਡੀਅਮ ਦਾ ਅੰਬਰੀ-ਨਜ਼ਾਰਾ ਫੁੱਟਬਾਲ ਖੇਡ ਪ੍ਰੇਮੀਆਂ ਦੇ ਸੁਪਨਿਆਂ ਵਿਚ ਜ਼ਿੰਦਾ ਰਹੇਗਾ। ਨਿੱਕੇ ਜਿਹੇ ਦੇਸ਼ ਨੇ ਉਹ ਕਰ ਦਿਖਾਇਆ ਜੋ ਚਾਰ ਵਰ੍ਹਿਆਂ ਬਾਅਦ (2026) ਪੂਰਾ ਉੱਤਰੀ ਅਮਰੀਕਾ ਮਹਾਂਦੀਪ ਕਰਨ ਲਈ ਖਾਕੇ ਉਲੀਕਣ ਲੱਗਾ ਹੈ। ਕਤਰ ਨੇ ਬੜੇ ਉਚੇ ਟੀਚੇ ਤੈਅ ਕੀਤੇ ਹਨ। ਜਦ ਵੀ ਫੁੱਟਬਾਲ ਦੀ ਗੱਲ ਚੱਲੇਗੀ ਤਾਂ ‘ਫ਼ਖ਼ਰ-ਏ-ਕਤਰ’ ਦਾ ਨਾਮ ਨ੍ਰਿਤ ਕਰਦੀ ਕਿਸੇ ਨ੍ਰਿਤਕੀ ਦੇ ਘੁੰਗਰੂਆਂ ਵਾਂਗ ਛਣਕਿਆ ਕਰੇਗਾ।
ਸੰਪਰਕ: 98158-00405