ਪਾਲ ਸਿੰਘ ਨੌਲੀ
ਜਲੰਧਰ,16 ਮਈ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ ਪਿੰਡਾਂ ਤੇ ਕਸਬਿਆਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦਾ 400 ਪਾਰ ਦੇ ਨਾਅਰੇ ਦੀ ਹਵਾ ਨਿਕਲ ਗਈ ਹੈ ਤੇ ਦੇਸ਼ ਵਿੱਚ ਇੰਡੀਆ ਗੱਠਜੋੜ ਸਰਕਾਰ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਬਲਾਕ ਦੀ ਜਿਹੜੀ ਸਰਕਾਰ ਬਣ ਰਹੀ ਹੈ ਉਸ ਵਿੱਚ ਸਭ ਤੋਂ ਪਹਿਲਾ ਫ਼ੈਸਲਾ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦਾ ਹੋਵੇਗਾ।
ਚੰਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਕਿਸਾਨਾਂ ’ਤੇ ਅੰਨ੍ਹਾ-ਤਸ਼ੱਦਦ ਕੀਤਾ ਸੀ ਅਤੇ ਇਸ ਅੰਦੋਲਨ ’ਚ ਸਾਢੇ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਜ਼ਮੀਨੀ ਪੱਧਰ ’ਤੇ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਚੁੱਕੇ ਹਨ ਅਤੇ ਲੋਕਾਂ ਨੂੰ ਜੁਮਲੇ ਦੇਣ ਦੀ ਬਜਾਏ ਸਮੱਸਿਆਵਾਂ ਦਾ ਹੱਲ ਕਰ ਕੇ ਦਿਖਾਉਣਗੇ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਹੇਠ ਜਲੰਧਰ `ਚ ਨਸ਼ੇ ਵੱਡੇ ਪੱਧਰ ’ਤੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਾਂ ਤਾਂ ਡਰੱਗ ਮਾਫੀਆ ਰਹੇਗਾ ਜਾਂ ਚੰਨੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਜਲੰਧਰ ਆ ਕੇ ਨਸ਼ਿਆਂ ਦਾ ਮੁੱਦਾ ਉਠਾਇਆ ਹੈ, ਉਦੋਂ ਤੋਂ ਹੀ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ਲੱਗ ਪਈਆਂ ਹਨ। ਦਲ ਬਦਲੂਆਂ ਨੇ ਪੰਜਾਬ ਦਾ ਸਭਿਆਚਾਰ ਗੰਧਲਾ ਕੀਤਾ ਹੈ।
ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਈ ਸਾਲਾਂ ਵਿੱਚ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ ਜਿਸ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਅਤੇ ਪੰਜਾਬ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਵਿਸ਼ਵਾਸ ਦਿਵਾਇਆ ਕਿ ਦਰਿਆ ਨੂੰ ਚੈਨਲਾਈਜ਼ ਕਰਕੇ ਅਤੇ ਡੀ-ਸਿਲਟਿੰਗ ਕਰਵਾ ਕੇ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾਵੇਗਾ।
ਸ਼ਾਹਕੋਟ (ਗੁਰਮੀਤ ਖੋਸਲਾ): ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆ ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕਾਕੜ ਕਲਾਂ, ਕੋਹਾੜ ਕਲਾਂ, ਗਿੱਦੜਪਿੰਡੀ, ਰੂਪੇਵਾਲ, ਕੁਲਾਰ ਤੇ ਦਾਨੇਵਾਲ ਵਿੱਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਇਸੇ ਦੌਰਾਨ ਸ਼ਾਹਕੋਟ, ਲੋਹੀਆਂ ਖਾਸ ਤੇ ਮਹਿਤਪੁਰ ਵਿੱਚ ਚੋਣ ਦਫਤਰਾਂ ਦੇ ਉਦਘਾਟਨ ਕੀਤ
ਚੰਨੀ ’ਤੇ ਰਾਹੁਲ ਨਾਲ ਸਮਝੌਤਾ ਕਰ ਕੇ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦਾ ਦੋਸ਼
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਹਮਾਇਤ ਮੰਗਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਨੂੰ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ ਇਹ ਸਾਰਾ ਕੁਝ ਇੱਕ ਗੁਪਤ ਸਮਝੌਤੇ ਤਹਿਤ ਹੋਇਆ ਸੀ। ਉਨ੍ਹਾਂ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਬਣਨ ਲਈ ਸੈਂਕੜੇ ਕਰੋੜਾਂ ਰੁਪਏ ਰਾਹੁਲ ਗਾਂਧੀ ਨੂੰ ਦਿੱਤੇ ਸਨ। ਉਨ੍ਹਾਂ ਨਾਲ ਹੀ ਭਾਜਪਾ ਦੀ ਕੌਮੀ ਲੀਡਰਸ਼ਿਪ ’ਤੇ ਦੋਸ਼ ਲਾਇਆ ਕਿ ਉਸ ਨੇ ਅਕਾਲੀ ਦਲ ਨੂੰ ਧੋਖੇ ਵਿੱਚ ਰੱਖਿਆ ਸੀ। ਅਕਾਲੀ ਦਲ ਜਦੋਂ ਭਾਜਪਾ ਨਾਲੋਂ ਤੋੜ-ਵਿਛੌੜਾ ਕਰ ਚੁੱਕਾ ਸੀ ਤਦ ਵੀ ਭਾਜਪਾ ਦੇ ਵੱਡੇ ਆਗੂ ਅਮਿਤ ਸ਼ਾਹ ਇਹੀ ਬਿਆਨ ਦਿੰਦੇ ਰਹੇ ਕਿ ਅਕਾਲੀ ਦਲ ਨਾਲ ਸੀਟਾਂ ਬਾਰੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਪਿੰਡ ਮਾਣਕੋ ਵਿੱਚ ਕੀਤੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਵਰਗੇ ਵਕਾਰੀ ਅਹੁਦੇ ’ਤੇ ਬੈਠੇ ਅਮਿਤ ਸ਼ਾਹ ਜਿਹੇ ਭਾਜਪਾ ਦੇ ਵੱਡੇ ਆਗੂ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੇ ਸਨ। ਜਥੇਦਾਰ ਵਡਾਲਾ ਨੇ ਕਿਹਾ ਕਿ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਤੱਕ ਅਕਾਲੀ ਦਲ ਕਿਸਾਨ ਨਾਲ ਖੜ੍ਹ ਕੇ ਲੜਾਈ ਲੜਦਾ ਰਿਹਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੇ ਸਾਫ ਸੁਥਰੇ ਅਕਸ ਵਾਲੇ ਆਗੂ ਮਹਿੰਦਰ ਸਿੰਘ ਕੇਪੀ ਨੂੰ ਉਮੀਦਵਾਰ ਬਣਾਇਆ ਹੈ ਜਿਸ ਨਾਲ ਜਲੰਧਰ ਦੇ ਸਾਰੇ ਉਮੀਦਵਾਰਾਂ ਦੇ ਅਕਸ ਧੁੰਦਲੇ ਹੋ ਗਏ ਹਨ।