ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 16 ਮਈ
ਇੱਥੇ ਮਾਲੇਰਕੋਟਲਾ-ਧੂਰੀ ਸੜਕ ਸਥਿਤ ਪਿੰਡ ਸੰਗਾਲਾ ਨੇੜੇ ਦੋ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 20 ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਰਾਜਸਥਾਨ ਦੇ ਗੰਗਾਨਗਰ ਤੋਂ ਬੋਲੈਰੋ ਵਿੱਚ ਸਵਾਰ ਹੋ ਕੇ ਸ਼ਰਧਾਲੂ ਮਾਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ਼ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਆ ਰਹੇ ਸਨ। ਇਸ ਦੌਰਾਨ ਬੋਲੈਰੋ ਦੀ ਜਲੰਧਰ ਤੋਂ ਧੂਰੀ ਵੱਲ ਜਾ ਰਹੀ ਮਾਲ ਢੋਣ ਵਾਲੀ ਪਿਕਅਪ ਨਾਲ ਟੱਕਰ ਹੋ ਗਈ। ਜਲੰਧਰ ਵਾਲੀ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਸ਼ਰਧਾਲੂਆਂ ਵਾਲੀ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜੋ ਬੇਕਾਬੂ ਹੋ ਕੇ ਉਸ ਦੀ ਗੱਡੀ ਨਾਲ ਟਕਰਾ ਗਈ। ਐੱਸਐੱਮਓ ਡਾ. ਜਗਜੀਤ ਸਿੰਘ ਨੇ ਦੱਸਿਆ ਕਿ 20 ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਮਾਲੇਰਕੋਟਲਾ ਲਿਆਂਦਾ। ਚਾਰ ਜਣਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ।