ਬੀਰਬਲ ਰਿਸ਼ੀ
ਸ਼ੇਰਪੁਰ, 17 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਅੰਦਰਲੀਆਂ ਚੋਣ ਰੈਲੀਆਂ ’ਚ ਧੂਰੀ ਦੇ ਬੰਦ ਹੋਏ ਗੰਨਾ ਮਿੱਲ ਅਤੇ ਕਿਸਾਨਾਂ ਦੇ ਕਰੋੜਾਂ ਦੇ ਬਕਾਏ ਦਾ ਮੁੱਦਾ ਭਾਰੂ ਰਿਹਾ। ਅੱਜ ਪਿੰਡ ਘਨੌਰੀ ਕਲਾਂ, ਕਾਤਰੋਂ, ਚਾਂਗਲੀ, ਬਮਾਲ ਅਤੇ ਜਹਾਂਗੀਰ ’ਚ ਚੋਣ ਜਲਸਿਆਂ ਦੌਰਾਨ ਸ੍ਰੀ ਖਹਿਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਵਿੱਚ ਨਵੇਂ ਵੱਡੇ ਪ੍ਰਾਜੈਕਟ ਲਿਆਉਣ ਦੇ ਦਾਅਵੇ ਕਰ ਰਿਹਾ ਹੈ ਪਰ ਦੂਜੇ ਪਾਸੇ ਉਸ ਦੇ ਆਪਣੇ ਹਲਕੇ ’ਚੋਂ ਕਿਸਾਨਾਂ ਨੂੰ ਵੱਡਾ ਲਾਭ ਦੇਣ ਵਾਲੀ ਗੰਨਾ ਮਿੱਲ ਬੰਦ ਹੋ ਗਈ ਹੈ। ਇਸੇ ਤਰ੍ਹਾਂ ਮਸਤੂਆਣਾ ਵਿੱਚ ਮੈਡੀਕਲ ਕਾਲਜ ਲਿਆਉਣ ਦਾ ਵਾਅਦਾ ਵੀ ਵਫ਼ਾ ਨਹੀਂ ਹੋਇਆ। ਉਨ੍ਹਾਂ ਸੁਆਲ ਕੀਤਾ ਕਿ ਆਮ-ਆਮ ਦਾ ਰੌਲਾ ਪਾਉਣ ਵਾਲਿਆਂ ਨੇ ਪਹਿਲਾਂ ਰਾਜ ਸਭਾ ਮੈਂਬਰਾਂ ਦੀ ਚੋਣ ਅਤੇ ਹੁਣ ਲੋਕ ਸਭਾ ਦੀਆਂ ਟਿਕਟਾਂ ਦੇਣ ਮੌਕੇ ਆਮ ਘਰਾਂ ਦੇ ਧੀਆਂ-ਪੁੱਤ ਨੂੰ ਕਿਉਂ ਵਿਸਾਰਿਆ ਹੈ।
ਪੰਜਾਬ-ਹਰਿਆਣਾ ਬਾਰਡਰ ’ਤੇ ਕਿਸਾਨ ਮੋਰਚੇ ’ਤੇ ਗੁਆਂਢੀ ਸੂਬੇ ਵੱਲੋਂ ਪੰਜਾਬ ਅੰਦਰ ਆ ਕੇ ਕਿਸਾਨਾਂ ਦੀ ਕੁੱਟਮਾਰ ਕਰਨ, ਟਰੈਕਟਰ ਭੰਨਣ ਤੇ ਹੋਰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਕਾਰਵਾਈ ਨਾ ਕਰਨ ਸਬੰਧੀ ਚੌਕਸ ਕਰਦਿਆਂ ਮੁੱਖ ਮੰਤਰੀ ਨੂੰ ਕੇਂਦਰ ਨਾਲ ਘਿਉ-ਖਿਚੜੀ ਦੱਸਿਆ।
ਚੋਣ ਰੈਲੀਆਂ ਨੂੰ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ਼ੁਭਮ ਸ਼ਰਮਾ, ਕਿਸਾਨ ਵਿੰਗ ਦੇ ਗੁਰਪਿਆਰ ਸਿੰਘ ਧੂਰਾ, ਸੀਨੀਅਰ ਕਾਂਗਰਸੀ ਆਗੂ ਲੱਖਾ ਰੰਚਣਾ, ਤਾਰਾ ਬੇਨੜਾ, ਟਕਸਾਲੀ ਕਾਂਗਰਸੀ ਗੁਰਬਖਸ਼ ਸਿੰਘ ਗੁੱਡੂ, ਲਖਵੀਰ ਬਮਾਲ, ਲੱਖੀ ਘਨੌਰੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਖਹਿਰਾ ਵੱਲੋਂ ਕਾਂਗਰਸੀ ਆਗੂਆਂ ਨਾਲ ਮੁਲਾਕਾਤ
ਧੂਰੀ (ਪਵਨ ਕੁਮਾਰ ਵਰਮਾ): ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਧੂਰੀ ਹਲਕੇ ਦੇ ਕਾਂਗਰਸੀ ਆਗੂਆਂ ਨਾਲ਼ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ਼ ਝੂਠੇ ਵਾਅਦੇ ਕਰ ਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ’ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਦੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਜਿਸ ਦੀ ਮੁੱਖ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ ਕਹੇਰੂ, ਚਮਕੌਰ ਸਿੰਘ ਕੁੰਭੜਵਾਲ, ਕੌਂਸਲਰ ਸਾਧੂ ਰਾਮ, ਕੌਂਸਲਰ ਨਰਪਿੰਦਰ ਗੋਰਾ, ਰਵੀ ਕਹੇਰੂ, ਸੋਨੀ ਬਾਂਗਰੂ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।