ਨਵੀਂ ਦਿੱਲੀ:
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ’ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਲੱਗੇ ਦੁਰਵਿਹਾਰ ਦੇ ਦੋਸ਼ਾਂ ਮਗਰੋਂ ਦਿੱਲੀ ਭਾਜਪਾ ਦੇ ਕਈ ਆਗੂ ਮਾਲੀਵਾਲ ਦੇ ਹੱਕ ਵਿੱਚ ਆ ਗਏ ਹਨ। ਉਹ ਇਸ ਘਟਨਾ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਦਿੱਲੀ ਭਾਜਪਾ ਦੀ ਆਗੂ ਸ਼ਾਜ਼ੀਆ ਇਲਮੀ ਨੇ ਕਿਹਾ ਕਿ ਕੁਮਾਰ ਵੱਲੋਂ ਉਸ ਨਾਲ ਵੀ ਦੁਰਵਿਹਾਰ ਕੀਤਾ ਗਿਆ ਸੀ। ਸ਼ਾਜ਼ੀਆ ਇਲਮੀ ਨੇ ਕਿਹਾ, ‘‘ਉਹ ਸਿਆਸੀ ਫਾਇਦੇ ਲਈ ਨਿੱਜੀ ਸਹਾਇਕ ਦਾ ਬਚਾਅ ਕਰ ਰਹੇ ਹਨ। ਉਸ (ਸਵਾਤੀ ਮਾਲੀਵਾਲ) ਦੀ ਕੁੱਟਮਾਰ ਕੀਤੀ ਗਈ ਹੈ। ਨਿੱਜੀ ਸਹਾਇਕ ਬਿਭਵ ਕੁਮਾਰ ਦੀ ਨੌਕਰੀ ਦੀ ਪ੍ਰੋਫਾਈਲ ਅਰਵਿੰਦ ਕੇਜਰੀਵਾਲ ਦੀ ਗੱਲ ਮੰਨਣੀ ਹੈ। ਮੈਂ ਵੀ ਉਸ ਵਿਅਕਤੀ ਦੇ ਦੁਰਵਿਹਾਰ ਨੂੰ ਵੀ ਬਰਦਾਸ਼ਤ ਕੀਤਾ ਹੈ। ਪ੍ਰਸ਼ਾਂਤ ਕੁਮਾਰ ਅਤੇ ਯੋਗੇਂਦਰ ਯਾਦਵ ਨੂੰ ਬਾਊਂਸਰਾਂ ਨੇ ਬਾਹਰ ਕੱਢਿਆ ਸੀ ਪਰ ਇਸ ਵਾਰ ਤਾਂ ਉਹ ਹੱਦ ਹੀ ਟੱਪ ਗਏ।’’ ਇਸ ਦੌਰਾਨ ਉਨ੍ਹਾਂ ਕੇਜਰੀਵਾਲ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਮੰਗਿਆ ਹੈ। ਇਸੇ ਤਰ੍ਹਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਵਾਤੀ ਮਾਲੀਵਾਲ ਨੇ ਆਪਣੇ ਨਾਲ ਹੋਏ ਦੁਰਵਿਹਾਰ ਦੀ ਸ਼ਿਕਾਇਤ ਕੀਤੀ ਸੀ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਅਜੇ ਤੱਕ ਬਿਭਵ ਕੁਮਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਭਾਜਪਾ ਮਹਿਲਾ ਮੋਰਚਾ ਦੀ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਦੁਰਵਿਹਾਰ ਨੂੰ ਲੈ ਕੇ ਅੱਜ ਸਵੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ। -ਪੀਟੀਆਈ/ਏਐੱਨਆਈ