ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਮਈ
ਇਥੇ ਨਵੀਂ ਅਨਾਜ ਮੰਡੀ ਵਿੱੱਚ ਸਬਜ਼ੀ, ਲੱਕੜ ਅਤੇ ਤੂੜੀ ਮੰਡੀ ਵਿੱਚ ਕੰਟੀਨ ਅਤੇ ਵਾਹਨ ਪਾਰਕਿੰਗ ਠੇਕੇ ਦੀ ਆੜ ਹੇਠ ਵਸੂਲੇ ਜਾ ਰਹੇ ‘ਗੁੰਡਾ ਟੈਕਸ’ ਖ਼ਿਲਾਫ਼ ਸਬਜ਼ੀ ਦੇ ਦੁਕਾਨਦਾਰਾਂ, ਫੜ੍ਹੀ ਤੇ ਰੇਹੜੀ ਵਾਲਿਆਂ ਨੇ ਪੂਰਾ ਦਿਨ ਮਾਰਕੀਟ ਬੰਦ ਰੱਖ ਕੇ ਰੋਸ ਦਾ ਪ੍ਰਗਟਾਵਾ ਕੀਤਾ।
ਜ਼ਿਲ੍ਹਾ ਮੰਡੀ ਅਫ਼ਸਰ ਜਸ਼ਨਦੀਪ ਸਿੰਘ ਨੈਣੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਦੁਕਾਨਦਾਰਾਂ ਵੱਲੋਂ ਨਿਰਧਾਰਤ ਪਰਚੀ ਤੋਂ ਵੱਧ ਵਸੂਲੀ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਸਕੱਤਰ ਸਥਾਨਕ ਮਾਰਕੀਟ ਕਮੇਟੀ ਕੋਲੋਂ ਤਲਬ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਵਿਚ ਦੋਸ਼ ਸਾਬਤ ਹੋਣ ਉੱਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਬੀਕੇਯੂ ਉਗਰਾਹਾਂ ਦੇ ਆਗੂ ਇਕਬਾਲ ਸਿੰਘ ਸਿੰਘਾਂਵਾਲਾ ਦੀ ਅਗਵਾਈ ਹੇਠ ਸਬਜ਼ਹ ਵਿਕਰੇਤਾਵਾਂ ਤੇ ਹੋਰਾਂ ਨੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਅੱਗੇ ‘ਗੁੰਡਾ ਟੈਕਸ’ਦੀ ਵਸੂਲੀ ਖ਼ਿਲਾਫ਼ ਦੂਜੇ ਦਿਨ ਵੀ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੱਸਿਆ ਕਿ 90 ਤੋਂ ਵੱਧ ਸਬਜ਼ੀ ਦੁਕਾਨਦਾਰਾਂ, ਫੜ੍ਹੀ ਤੇ ਰੇਹੜੀ ਵਾਲਿਆਂ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਨਿਰਧਾਰਤ ਪਰਚੀ ਤੋਂ ਵੱਧ ਵਸੂਲੀ ਕਰਨ ਦੀ ਸ਼ਿਕਾਇਤ ਦਿੱਤੀ ਹੈ। ਕਿਸਾਨ ਆਗੂ ਨੇ ਕਿਹਾ ਕਿ ਨਵੀਂ ਅਨਾਜ ਮੰਡੀ ਜਾਂ ਸਬਜ਼ੀ ਮੰਡੀ ਵਿਚ ਕੋਈ ਚਾਹ ਪਾਣੀ ਜਾਂ ਖਾਣ-ਪੀਣ ਦੀ ਕੋਈ ਕੰਟੀਨ ਨਹੀਂ ਅਤੇ ਨਾਂ ਹੀ ਇਥੇ ਵਾਹਨਾਂ ਲਈ ਕੋਈ ਪਾਰਕਿੰਗ ਦਾ ਪ੍ਰਬੰਧ ਹੈ। ਇਸਦੇ ਬਾਵਜੂਦ ਕੰਟੀਨ ਤੇ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਜਿਸ ਦੀ ਆੜ ਹੇਠ ‘ਗੁੰਡਾ ਟੈਕਸ’ ਵਸੂਲਿਆ ਜਾ ਰਿਹਾ ਹੈ।