ਪੱਤਰ ਪ੍ਰੇਰਕ
ਰੂਪਨਗਰ, 18 ਮਈ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਨੇ ਅੱਜ ਰੂਪਨਗਰ ਖੇਤਰ ਦੇ ਵੱਖ ਵੱਖ ਇਲਾਕਿਆਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਰੂਪਨਗਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣ ਜਿੱਤ ਕੇ ਉਹ ਸਵਾਂ ਨਦੀ ਨੂੰ ਚੈਨੇਲਾਇਜ਼ ਕਰਵਾਉਣ ਦੇ ਠੰਢੇ ਬਸਤੇ ਵਿੱਚ ਪਏ ਪ੍ਰਾਜੈਕਟ ਨੂੰ ਚਾਲੂ ਕਰਵਾਉਣਗੇ। ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਇਹ ਪ੍ਰਾਜੈਕਟ ਤਿਆਰ ਕਰਵਾ ਕੇ ਮਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਭੇਜਿਆ ਸੀ ਪਰ ਕਾਂਗਰਸ ਅਤੇ ‘ਆਪ’ ਸਰਕਾਰਾਂ ਨੇ ਇਸ ਪ੍ਰਾਜੈਕਟ ਦਾ ਕੰਮ ਠੰਢੇ ਬਸਤੇ ਪਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਵੱਜੋਂ ਵਿਕਸਿਤ ਕਰਕੇ ਵਿਸ਼ਵ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਹੀ ਖਣਨ ਪਾਲਿਸੀ ਨਾ ਬਣਨ ਕਾਰਨ ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਰਸੂਖਵਾਨ ਵਿਅਕਤੀ ਤਾਂ ਸਿਆਸੀ ਸ਼ਹਿ ਅਧੀਨ ਧੜੱਲੇਦਾਰ ਖਣਨ ਕਰ ਰਹੇ ਹਨ, ਜਦੋਂ ਕਿ ਕੱਚੇ ਮਾਲ ਦੀ ਘਾਟ ਕਾਰਨ ਛੋਟੇ ਕਰੱਸ਼ਰ ਮਾਲਕਾਂ ਨੂੰ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਬੀਤਣ ਉਪਰੰਤ ਵੀ ਆਪ ਸਰਕਾਰ ਢੁੱਕਵੀਂ ਖਣਨ ਪਾਲਿਸੀ ਬਣਾਉਣ ਵਿੱਚ ਅਸਫਲ ਰਹੀ ਹੈ। ਇਸ ਦੌਰਾਨ ਰੂਪਨਗਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਗਿੰਨੀ ਜੌਹਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਜਥੇਦਾਰ ਗੁਰਿੰਦਰ ਸਿੰਘ ਗੋਗੀ, ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਗੁੱਡਵਿੱਲ ਤੇ ਰਣਬੀਰ ਸਿੰਘ ਪੁਨੀਆ, ਸ਼ਹਿਰੀ ਪ੍ਰਧਾਨ ਬਲਜਿੰਦਰ ਕੌਰ ਅਤੇ ਗੁਰਮੁੱਖ ਸਿੰਘ ਸੈਣੀ ਹਾਜ਼ਰ ਸਨ।