ਲਲਿਤਪੁਰ, 18 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਉੱਤਰ ਪ੍ਰਦੇਸ਼ ‘ਦੇਸੀ ਕੱਟੇ’ ਬਣਾਉਣ ਵਾਲੇ ਸੂਬੇ ਤੋਂ ਤੋਪਾਂ ਦੇ ਗੋਲੇ ਬਣਾਉਣ ਵਾਲਾ ਸੂਬਾ ਬਣ ਗਿਆ ਹੈ। ਇੱਥੇ ਲੋਕ ਸਭਾ ਹਲਕਾ ਝਾਂਸੀ ਤੋਂ ਭਾਜਪਾ ਉਮੀਦਵਾਰ ਅਨੁਰਾਗ ਸ਼ਰਮਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਤੇ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਸੂਬੇ ਦਾ ਵਿਕਾਸ ਸ਼ੁਰੂ ਹੋਇਆ ਹੈ। ਸ਼ਾਹ ਨੇ ਕਿਹਾ, ‘‘ਕੋਈ ਸਮਾਂ ਸੀ ਜਦੋਂ ਉੱਤਰ ਪ੍ਰਦੇਸ਼ ਵਿੱਚ ‘ਦੇਸੀ ਕੱਟੇ’ ਬਣਦੇ ਸਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਬੁੰਦੇਲਖੰਡ ਵਿੱਚ ਰੱਖਿਆ ਗਲਿਆਰਾ ਬਣਾਇਆ ਅਤੇ ਹੁਣ ਇੱਥੇ ਤੋਪਾਂ ਦੇ ਗੋਲੇ ਬਣਾਏ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਨੇ ਕੋਈ ਗਲਤੀ ਕੀਤੀ ਤਾਂ ਉਸ ਨੂੰ ‘ਤਬਾਹ’ ਕਰਨ ਲਈ ਬੁਦੇਲਖੰਡ ਵਿੱਚ ਬਣੇ ਗੋਲੇ ਹੀ ਵਰਤੇ ਜਾਣਗੇ।
ਇਸ ਦੌਰਾਨ ਉਨ੍ਹਾਂ ਕਾਂਗਰਸ ਆਗੂ ਮਣੀ ਸ਼ੰਕਰ ਅਈਅਰ ਦੀ ‘ਐਟਮ ਬੰਬ’ ਵਾਲੀ ਟਿੱਪਣੀ ਦੀ ਵੀ ਨਿਖੇਧੀ ਕੀਤੀ। ਸ਼ਾਹ ਨੇ ਕਿਹਾ, ‘‘ਮਣੀ ਸ਼ੰਕਰ ਅਈਅਰ ਨੇ ਕਿਹਾ ਹੈ ਪਾਕਿਸਤਾਨ ਕੋਲ ਐਟਮ ਬੰਬ ਹੈ ਜਿਸ ਕਰ ਕੇ ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਕੋਲੋਂ ਮਕਬੂਜ਼ਾ ਕਸ਼ਮੀਰ (ਪੀਓਕੇ) ਦੀ ਮੰਗ ਨਹੀਂ ਕੀਤੀ ਜਾਣਾ ਚਾਹੀਦੀ। ਪਰ ਇਹ ਨਰਿੰਦਰ ਮੋਦੀ ਦੀ ਸਰਕਾਰ ਹੈ। ਅਸੀਂ ਐਟਮ ਬੰਬ ਤੋਂ ਨਹੀਂ ਡਰਦੇ। ਪੀਓਕੇ ਭਾਰਤ ਦਾ ਹਿੱਸਾ ਹੈ ਅਤੇ ਰਹੇਗਾ। ਅਸੀਂ ਇਸ ਨੂੰ ਲੈ ਕੇ ਰਹਾਂਗੇ।’’
ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਦੋ ਹਿੱਸਿਆਂ ਦੱਖਣੀ ਭਾਰਤ ਅਤੇ ਉੱਤਰੀ ਭਾਰਤ ਵਿੱਚ ਵੰਡਣਾ ਚਾਹੁੰਦੀ ਹੈ ਪਰ ਭਾਰਤ ਨੂੰ ਕੋਈ ਤੋੜ ਨਹੀਂ ਸਕਦਾ। ਸ਼ਾਹ ਨੇ ਕਿਹਾ, ‘‘ਇਸ ਚੋਣ ਵਿੱਚ ਇੱਕ ਪਾਸੇ ‘ਇੰਡੀਆ’ ਗੱਠਜੋੜ ਹੈ ਜਿਸ ਨੇ 12 ਲੱਖ ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ਅਤੇ ਦੂਜੇ ਪਾਸੇ ਮੋਦੀ ਹਨ ਜਿਨ੍ਹਾਂ ਨੇ 23 ਸਾਲ ਤੱਕ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ ਹੈ ਪਰ ਉਨ੍ਹਾਂ ’ਤੇ 25 ਪੈਸੇ ਦਾ ਵੀ ਦੋਸ਼ ਨਹੀਂ ਲੱਗਾ। ਉਨ੍ਹਾਂ ਕਿਹਾ, ‘‘ਇਕ ਪਾਸੇ ਸਮਾਜਵਾਦੀ ਪਾਰਟੀ ਹੈ ਜਿਸ ਨੇ ਰਾਮ ਭਗਤਾਂ ’ਤੇ ਗੋਲੀਆਂ ਚਲਾਈਆਂ ਅਤੇ ਦੂਜੇ ਪਾਸੇ ਨਰਿੰਦਰ ਮੋਦੀ ਰਾਮ ਮੰਦਰ ਬਣਾ ਰਹੇ ਹਨ।’’ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼ ਦੇ ਅਮੇਠੀ ’ਚ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਦੇ ਹੱਕ ’ਚ ਰੋਡ ਸ਼ੋਅ ਕੀਤਾ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ। -ਪੀਟੀਆਈ
ਮੋਦੀ ਨੇ ਦਸ ਸਾਲਾਂ ਵਿੱਚ ਦੇਸ਼ ਦੀ ਸਿਆਸਤ ਬਦਲੀ: ਨੱਢਾ
ਸ਼ਿਮਲਾ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਸ ਸਾਲਾਂ ਵਿੱਚ ‘ਸਭ ਕਾ ਸਾਥ, ਸਭਾ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ’ ਰਾਹੀਂ ਦੇਸ਼ ਦੀ ‘ਵੰਡੋ ਅਤੇ ਰਾਜ ਕਰੋ’ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰਿਪੋਰਟ ਕਾਰਡ ਵਾਲੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਕਾਂਗੜਾ ਲੋਕ ਸਭਾ ਹਲਕੇ ਦੇ ਰੇਹਾਨ ’ਚ ਭਾਜਪਾ ਉਮੀਦਵਾਰ ਰਾਜੀਵ ਭਾਰਦਵਾਜ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ, ‘‘ਦੇਸ਼ ਵਿੱਚ 70 ਸਾਲਾਂ ਤੋਂ ਵੰਡੋ ਅਤੇ ਰਾਜ ਕਰੋ ਦੀ ਸਿਆਸਤ ਚੱਲ ਰਹੀ ਸੀ ਜੋ ਪਿਛਲੇ ਦਸ ਸਾਲਾਂ ਵਿੱਚ ਰਿਪੋਰਟ ਕਾਰਡ ਦੀ ਰਾਜਨੀਤੀ ਵਿੱਚ ਬਦਲ ਦਿੱਤੀ ਗਈ ਹੈ ਜਿਸ ਵਿੱਚ ਹਰ ਚੁਣੇ ਹੋਏ ਨੁਮਾਇੰਦੇ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣੀ ਪੈਂਦੀ ਹੈ।’’ ‘ਇੰਡੀਆ’ ਗੱਠਜੋੜ ਨੂੰ ‘ਪਰਿਵਾਰਵਾਦੀ ਸਿਆਸਤ ਨੂੰ ਉਤਸ਼ਾਹਿਤ ਕਰਨ ਅਤੇ ਭ੍ਰਿਸ਼ਟ ਲੋਕਾਂ ਨੂੰ ਬਚਾਉਣ ਵਾਲਿਆਂ ਦਾ ਗੱਠਜੋੜ’ ਕਰਾਰ ਦਿੰਦਿਆਂ ਨੱਢਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਸ ਗੱਠਜੋੜ ਦੇ ਆਗੂ ਜਾਂ ਤਾਂ ਜ਼ਮਾਨਤ ’ਤੇ ਹਨ ਜਾਂ ਜੇਲ੍ਹਾਂ ਵਿੱਚ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਆਗੂ ਪਹਿਲੀ ਜੂਨ ਨੂੰ ਚੋਣਾਂ ਤੋਂ ਬਾਅਦ ਮੁੜ ਜੇਲ੍ਹ ਚਲੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨਿਰਭਯਾ ਮਾਮਲੇ ’ਚ ਧਰਨੇ ’ਤੇ ਬੈਠੇ ਸਨ ਪਰ ਬੀਤੇ ਦਿਨੀਂ ਉਨ੍ਹਾਂ ਦੀ ਹੀ ਰਿਹਾਇਸ਼ ਵਿੱਚ ਇੱਕ ਔਰਤ ਨਾਲ ਕਥਿਤ ਤੌਰ ’ਤੇ ਕੁੁੱਟਮਾਰ ਕੀਤੀ ਗਈ। -ਪੀਟੀਆਈ