ਖੇਤਰੀ ਪ੍ਰਤੀਨਿਧ
ਪਟਿਆਲਾ, 18 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਵੀਪ ਗਤੀਵਿਧੀਆਂ ਹੇਠ ਅੱਜ ਕਰਵਾਈ ‘ਵੋਟ ਰਨ ਮੈਰਾਥਨ’ ਵਿੱਚ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਅਤੇ ਪਟਿਆਲਾ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ, ਵੋਟਰਾਂ ਨੂੰ 1 ਜੂਨ ਨੂੰ ਵਧ-ਚੜ੍ਹ ਕੇ ਵੋਟਾਂ ਪਾਉਣ ਦਾ ਸੁਨੇਹਾ ਦਿੱਤਾ। ਇਸ ਨੂੰ ਰਵਾਨਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਹ ਕੋਸ਼ਿਸ਼ ਪਟਿਆਲਾ ਨੂੰ 70 ਫ਼ੀਸਦੀ ਤੋਂ ਵੱਧ ਵੋਟਿੰਗ ਵਾਲਾ ਜ਼ਿਲ੍ਹਾ ਬਣਾਉਣ ਲਈ ਕਾਰਗਰ ਸਾਬਤ ਹੋਵੇਗੀ।
ਮੈਰਾਥਨ ਦੀ ਅਗਵਾਈ ਕਰ ਰਹੇ ਏਡੀਸੀ ਕੰਚਨ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ ਸ਼ਾਮਲ ਵਿਦਿਆਰਥੀਆਂ ਤੇ ਪਟਿਆਲਾ ਵਾਸੀਆਂ ਨੇ ਪੋਲੋ ਗਰਾਊਂਡ ਤੋਂ ਸ਼ੁਰੂ ਹੋ ਕੇ ਲੀਲਾ ਭਵਨ, ਬਾਰਾਂਦਰੀ, ਸ਼ੇਰਾਂ ਵਾਲਾ ਗੇਟ ਤੋਂ ਹੁੰਦੇ ਹੋਏ ਫੁਹਾਰਾ ਚੌਕ ਤੋਂ ਵਾਪਸ ਪੋਲੋ ਗਰਾਊਂਡ ਆ ਕੇ ਮੈਰਾਥਨ ਸਮਾਪਤ ਕੀਤੀ। ਇਸ ਮੌਕੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਜ਼ਿਲ੍ਹਾ ਸਵੀਪ ਇੰਚਾਰਜ ਪ੍ਰੋ. ਸ਼ਿਵੰਦਰ ਰੇਖੀ ਤੇ ਮੋਹਿਤ ਕੌਸ਼ਲ, ਡੀਐੱਸਪੀ ਟਰੈਫਿਕ ਕਰਨੈਲ ਸਿੰਘ, ਡੀਡੀਐਫ ਨਿਧੀ ਮਲਹੋਤਰਾ, ਡੀਐਫ਼ਐਸਸੀ ਡਾ. ਰਵਿੰਦਰ ਕੌਰ, ਏਸੀਐਫਏ ਰਾਕੇਸ਼ ਗਰਗ ਆਦਿ ਮੌਜੂਦ ਸਨ।