ਗੁਰਬਖਸ਼ਪੁਰੀ
ਤਰਨ ਤਾਰਨ, 18 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੜ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ’ਤੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ ਨੂੰ ਆਰਐੱਸਐੱਸ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਬੰਦਾ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਰਾਹੀਂ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਹੀ ਹੈ, ਜਿਸ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ| ਸੁਖਬੀਰ ਬਾਦਲ ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਨੌਰੰਗਾਬਾਦ ਵਿੱਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪਾਰਟੀ ਪ੍ਰਧਾਨ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਲਈ ਸਮਰਥਨ ਦੀ ਮੰਗ ਕੀਤੀ ਅਤੇ ਵਲਟੋਹਾ ਵੱਲੋਂ ਉਸ ਵੇਲੇ ਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰਦਿਆਂ ਕੈਦ ਕੱਟਣ ਅਤੇ ਸਰਕਾਰ ਦਾ ਜ਼ੁਲਮ ਬਰਦਾਸ਼ਤ ਕਰਨ ਨੂੰ ਇਕ ਮਿਸਾਲੀ ਕੁਰਬਾਨੀ ਕਰਾਰ ਦਿੱਤਾ|
ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਇੱਕੋ-ਇੱਕ ਪੰਥਕ ਪਾਰਟੀ ਹੈ ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ| ਸੁਖਬੀਰ ਬਾਦਲ ਨੇ ਆਪਣੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਕਿਸਾਨ ਦੇ ਹਿੱਤਾਂ ਦੀ ਗੱਲ ਕੀਤੀ ਹੈ| ਇਸ ਮੌਕੇ ਵਿਰਸਾ ਸਿੰਘ ਵਲਟੋਹਾ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਅਲਵਿੰਦਰਪਾਲ ਸਿੰਘ ਪੱਖੋਕੇ, ਰਵਿੰਦਰ ਸਿੰਘ ਬ੍ਰਹਮਪੁਰਾ, ਸਤਨਾਮ ਸਿੰਘ ਸੱਤਾ ਤੇ ਗੁਰਸੇਵਕ ਸਿੰਘ ਸ਼ੇਖ ਆਦਿ ਨੇ ਸੰਬੋਧਨ ਕੀਤਾ।
ਮਾਨ ਸਰਕਾਰ ਕੇਜਰੀਵਾਲ ਦੇ ਹਵਾਈ ਝੂਟਿਆਂ ਤੇ ਇਸ਼ਤਿਹਾਰਾਂ ’ਤੇ ਖਰਚ ਰਹੀ ਹੈ ਪੈਸਾ: ਮਜੀਠੀਆ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ‘ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਜਦੋਂ ਵੀ ਕਰਜ਼ਾ ਲਿਆ ਤਾਂ ਉੁਹ ਪੰਜਾਬ ਦੇ ਵਿਕਾਸ ਲਈ ਖਰਚਿਆ ਜਦੋਂ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਸਿਰਫ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਹਾਜ਼ਾਂ ’ਤੇ ਝੂਟੇ ਦਿਵਾਉਣ ਅਤੇ ਅਖ਼ਬਾਰੀ ਇਸ਼ਤਿਹਾਰਾਂ ਲਈ ਹੀ ਪੰਜਾਬ ਸਿਰ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਰਹੀ ਹੈ। ਇਸ ਦਾ ਸੂਬੇ ਦੇ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ।’ ਇਹ ਗੱਲ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਭਾਗੀਵਾਂਦਰ ਵਿੱਚ ਆਪਣੀ ਭੈਣ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ’ਚ ਚੋਣ ਜਨ ਸਭਾ ਨੂੰ ਸੰਬੋਧਨ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਅਰੇ ਦਾ ਪ੍ਰਭਾਵ ਮੰਨਦਿਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾ ਦਿੱਤੀ ਪਰ ਬਦਕਿਸਮਤੀ ਨਾਲ ਪੰਜਾਬ ਦੀ ਵਾਗਡੋਰ ਸ਼ਰਾਬੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਚਲੀ ਗਈ ਜਿਸ ਨੇ ਸ਼ਰਾਬੀ ਹਾਲਤ ਵਿੱਚ ਕਿਸੇ ਧਾਰਮਿਕ ਅਸਥਾਨ ਵਿੱਚ ਵਿੱਚ ਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸ੍ਰੀ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਇੱਕ ਮੰਤਰੀ ਦੀ ਉਨ੍ਹਾਂ ਨੇ ਰਾਜਪਾਲ ਪੰਜਾਬ ਨੂੰ ਅਜਿਹੀ ਵੀਡੀਓ ਦਿੱਤੀ ਜੋ ਨਾ ਦੇਖਣਯੋਗ ਹੈ।