ਚਰਨਜੀਤ ਭੁੱਲਰ
ਚੰਡੀਗੜ੍ਹ, 18 ਮਈ
ਲੋਕ ਸਭਾ ਚੋਣਾਂ ਦੇ ਪਿੜ ’ਚ ਹੁਣ ਨਹਿਰੀ ਪਾਣੀ ਦੀ ਗੂੰਜ ਪਈ ਹੈ। ਹਾਕਮ ਧਿਰ ਨਹਿਰੀ ਪਾਣੀ ਦੀ ਵਰਤੋਂ ’ਚ ਕੀਤੇ ਵਾਧੇ ਨੂੰ ਉਭਾਰ ਰਹੀ ਹੈ ਜਦੋਂ ਕਿ ਵਿਰੋਧੀ ਧਿਰਾਂ ਸਰਕਾਰ ਦੀ ਘੇਰਾਬੰਦੀ ਕਰਨ ਲੱਗੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੋਂ ਜ਼ਮੀਨੀ ਪਾਣੀ ਦੀ ਵਰਤੋਂ ਘਟਾ ਕੇ ਨਹਿਰੀ ਪਾਣੀ ਦੀ ਵਰਤੋਂ ’ਚ ਵਾਧੇ ਦੀ ਗੱਲ ਕਰਦੇ ਹਨ। ਪੰਜਾਬ ਦੇ ਕਈ ਲੋਕ ਸਭਾ ਹਲਕਿਆਂ ਵਿਚ ਪੁੱਜੇ ਨਹਿਰੀ ਪਾਣੀ ਨੂੰ ‘ਆਪ’ ਇੱਕ ਪ੍ਰਾਪਤੀ ਵਜੋਂ ਪ੍ਰਚਾਰ ਰਹੀ ਹੈ। ਮੁੱਖ ਮੰਤਰੀ ਨੇ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਸਿੰਜਾਈ ਘੁਟਾਲੇ ਨੂੰ ਸਟੇਜਾਂ ਤੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ।
‘ਆਪ’ ਨੇ ਜੋ ਆਪਣਾ ਰਿਪੋਰਟ ਕਾਰਡ ਤਿਆਰ ਕੀਤਾ ਹੈ, ਉਸ ਅਨੁਸਾਰ ਪੰਜਾਬ ਵਿਚ 14,100 ਖਾਲੇ ਅਤੇ 400 ਕਿਲੋਮੀਟਰ ਲੰਮੇ 45 ਰਜਵਾਹਿਆਂ/ਨਹਿਰਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਕਰੀਬ 18 ਲੱਖ ਏਕੜ ਰਕਬੇ ਵਿਚ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ। ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਆਖਦੇ ਹਨ ਕਿ ‘ਆਪ’ ਸਰਕਾਰ ਨੇ ਕਰੀਬ 1200 ਕਿਲੋਮੀਟਰ ਨਵੇਂ ਖਾਲੇ ਬਣਾਏ ਗਏ ਹਨ ਜਦੋਂ ਕਿ ਪਿਛਲੀ ਸਰਕਾਰ ਨੇ 2019-2022 ਤੱਕ 350 ਕਿਲੋਮੀਟਰ ਖਾਲੇ ਹੀ ਬਣਾਏ ਸਨ।
‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਆਖਦੇ ਹਨ ਕਿ ਜਲ ਸਰੋਤ ਵਿਭਾਗ ਵੱਲੋਂ ਡੈਮਾਂ ਦਾ ਪਾਣੀ ਪਹਿਲਾਂ ਸਿਰਫ 72 ਫੀਸਦੀ ਹੀ ਵਰਤਿਆ ਜਾਂਦਾ ਸੀ ਜਦੋਂ ਕਿ ਹੁਣ ਇਹ ਵਰਤੋਂ 84 ਫੀਸਦੀ ਹੋ ਗਈ ਹੈ। ਮਾਲਵੇ ਵਿਚਲੇ ‘ਆਪ’ ਉਮੀਦਵਾਰ ਟੇਲਾਂ ’ਤੇ ਪਹੁੰਚੇ ਪਾਣੀ ਦਾ ਹਰ ਸਟੇਜ ਤੋਂ ਜ਼ਿਕਰ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਪਿੰਡਾਂ ਦੀ ਚਰਚਾ ‘ਆਪ’ ਵੱਲੋਂ ਕੀਤੀ ਜਾ ਰਹੀ ਹੈ ਜਿਥੇ ਦੋ ਦੋ ਜਾਂ ਤਿੰਨ ਤਿੰਨ ਦਹਾਕਿਆਂ ਤੋਂ ਨਹਿਰੀ ਪਾਣੀ ਪਹੁੰਚਿਆ ਹੀ ਨਹੀਂ ਸੀ। ਪੰਜਾਬ ਵਿਚ ਖੇਤੀ ਦੇ 40 ਫੀਸਦੀ ਰਕਬੇ ਲਈ ਨਹਿਰੀ ਪਾਣੀ ਉਪਲੱਭਧ ਹੈ ਜਿਸ ਚੋਂ ਪਹਿਲਾਂ 21 ਫੀਸਦੀ ਰਕਬੇ ਨੂੰ ਹੀ ਨਹਿਰੀ ਪਾਣੀ ਲੱਗਦਾ ਸੀ। ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਇਸ ’ਚੋਂ ਹੁਣ 35 ਫੀਸਦੀ ਰਕਬਾ ਨਹਿਰੀ ਪਾਣੀ ਹੇਠ ਆ ਗਿਆ ਹੈ। ਇਸੇ ਦੌਰਾਨ ਇੱਕ ਨਹਿਰੀ ਪਟਵਾਰੀ ਦੀ ਸੋਸ਼ਲ ਮੀਡੀਆ ’ਤੇ ਘੁੰਮੀ ਆਡਿਓ ਨੇ ਨਵਾਂ ਵਿਵਾਦ ਛੇੜ ਦਿੱਤਾ ਸੀ ਜਿਸ ਨੇ ਜਾਅਲੀ ਅੰਕੜੇ ਤਿਆਰ ਕਰਾਏ ਜਾਣ ਦੀ ਗੱਲ ਆਖੀ ਸੀ ਪਰ ਬਾਅਦ ਵਿਚ ਉਸ ਪਟਵਾਰੀ ਨੇ ਯੂ-ਟਰਨ ਲੈ ਲਿਆ ਸੀ।
ਬਠਿੰਡਾ ਹਲਕੇ ਤੋਂ ‘ਆਪ’ ਉਮੀਦਵਾਰ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਖ ਰਹੇ ਹਨ ਕਿ ਕੰਡੀ ਕੈਨਾਲ ਦਾ 26 ਸਾਲ ਤੋਂ ਕੰਮ ਲਟਕਿਆ ਹੋਇਆ ਸੀ ਜੋ ਹੁਣ ਮੁਕੰਮਲ ਕੀਤਾ ਗਿਆ ਹੈ ਅਤੇ ਬਿਸਤ ਦੁਆਬ ਕੈਨਾਲ ਦੀ ਵਰਤੋਂ ਸਿਰਫ 6 ਫੀਸਦੀ ਹੋ ਰਹੀ ਸੀ ਜਦੋਂ ਕਿ ਇਸ ਪ੍ਰਾਜੈਕਟ ’ਤੇ 450 ਕਰੋੜ ਖਰਚ ਕੀਤੇ ਗਏ ਸਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਨਹਿਰੀ ਪਾਣੀ ਨੂੰ ਮੁੱਦਾ ਬਣਾਇਆ ਹੈ। ਉਹ ਸਟੇਜਾਂ ਤੋਂ ਨਹਿਰ ਮਹਿਕਮੇ ਵੱਲੋਂ ਜਾਅਲੀ ਅੰਕੜੇ ਤਿਆਰ ਕੀਤੇ ਜਾਣ ਦੀ ਗੱਲ ਆਖਦੇ ਹਨ। ਨਹਿਰੀ ਪਾਣੀ ਮੁੱਦੇ ’ਤੇ ਅਕਾਲੀ ਦਲ ਵੱਲੋਂ ‘ਆਪ’ ਨੂੰ ਘੇਰਿਆ ਜਾ ਰਿਹਾ ਹੈ।
ਸਿੰਜਾਈ ਘੁਟਾਲੇ ਦੀ ਪਏਗੀ ਚੋਣਾਂ ’ਚ ਗੂੰਜ
ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਹੁਣ ਅਕਾਲੀ ਸਰਕਾਰ ਸਮੇਂ ਪੰਜਾਬ ਵਿਚ ਹੋਏ ਇੱਕ ਹਜ਼ਾਰ ਕਰੋੜ ਦੇ ਸਿੰਜਾਈ ਘੁਟਾਲੇ ਨੂੰ ਲੋਕਾਂ ’ਚ ਜਨਤਕ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਸਿੰਜਾਈ ਘੁਟਾਲੇ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕਰਨ ਲੱਗੇ ਹਨ ਜਿਨ੍ਹਾਂ ਦੇ ਦੋ ਸਾਬਕਾ ਵਜ਼ੀਰਾਂ ਦਾ ਵੀ ਘੁਟਾਲੇ ਵਿਚ ਨਾਮ ਬੋਲਦਾ ਹੈ। ਪਤਾ ਲੱਗਾ ਹੈ ਕਿ ਸਿੰਚਾਈ ਘੁਟਾਲੇ ਦੀਆਂ ਤੰਦਾਂ ਨੂੰ ਲੋਕਾਂ ਸਾਹਮਣੇ ਖੋਲ੍ਹਿਆ ਜਾਵੇਗਾ।