ਨਵੀਂ ਦਿੱਲੀ, 19 ਮਈ
ਸੀਆਰਪੀਐੱਫ ਦੇ 1,400 ਤੋਂ ਵੱਧ ਜਵਾਨਾਂ ਦੀ ਵਾਪਸੀ ਤੋਂ ਬਾਅਦ ਸੋਮਵਾਰ ਤੋਂ ਸੰਸਦ ਦੀ ਸੁਰੱਖਿਆ ਪੂਰੀ ਤਰ੍ਹਾਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨੂੰ ਸੌਂਪ ਦਿੱਤੀ ਜਾਵੇਗੀ ਅਤੇ ਇਸ ਦੇ 3,300 ਤੋਂ ਵੱਧ ਜਵਾਨ ਅਤਿਵਾਦ ਵਿਰੋਧੀ ਅਤੇ ਹੋਰ ਸੁਰੱਖਿਆ ਡਿਊਟੀਆਂ ਦੀ ਜ਼ਿੰਮੇਵਾਰੀ ਸੰਭਾਲਣਗੇ। ਇਹ ਫ਼ੈਸਲਾ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਮਗਰੋਂ ਲਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਪਾਰਲੀਮੈਂਟ ਡਿਊਟੀ ਗਰੁੱਪ (ਪੀਡੀਜੀ) ਨੇ ਸ਼ੁੱਕਰਵਾਰ ਨੂੰ ਕੰਪਲੈਕਸ ’ਚੋਂ ਆਪਣਾ ਪੂਰਾ ਪ੍ਰਸ਼ਾਸਨਿਕ ਅਤੇ ਸੰਚਾਲਨ ਅਮਲਾ ਹਟਾ ਲਿਆ ਅਤੇ ਇਸ ਦੇ ਕਮਾਂਡਰ ਅਤੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀਆਂ ਨੇ ਸੁਰੱਖਿਆ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੀਆਈਐੱਸਐੱਫ ਨੂੰ ਸੌਂਪ ਦਿੱਤੀਆਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਰਾਣੇ ਅਤੇ ਨਵੇਂ ਸੰਸਦ ਭਵਨ ਸਮੇਤ ਇਸ ਕੰਪਲੈਕਸ ਵਿੱਚ ਸਥਿਤ ਬਾਕੀ ਇਮਾਰਤਾਂ ਦੀ ਸੁਰੱਖਿਆ ਲਈ 3,317 ਸੀਆਈਐੱਸੱਐਫ ਦੇ ਜਵਾਨ ਸ਼ਾਮਲ ਕੀਤੇ ਜਾ ਰਹੇ ਹਨ। ਪਿਛਲੇ ਸਾਲ 13 ਦਸੰਬਰ ਨੂੰ ਹੋਈ ਸੁਰੱਖਿਆ ਵਿੱਚ ਕੁਤਾਹੀ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਸੀਆਈਐੱਸਐੱਫ ਨੂੰ ਸੁਰੱਖਿਆ ਡਿਊਟੀਆਂ ਸੰਭਾਲਣ ਲਈ ਕਿਹਾ ਸੀ। ਘਟਨਾ ਤੋਂ ਬਾਅਦ ਸੰਸਦ ਕੰਪਲੈਕਸ ਦੇ ਸਮੁੱਚੇ ਸੁਰੱਖਿਆ ਮੁੱਦਿਆਂ ਦੇ ਹੱਲ ਅਤੇ ਇਸ ਸਬੰਧੀ ਢੁਕਵੀਆਂ ਸਿਫ਼ਾਰਸ਼ਾਂ ਕਰਨ ਲਈ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸੀਆਈਐੱਸਐੱਫ ਦੀ ਅਤਿਵਾਦ ਵਿਰੋਧੀ ਸੁਰੱਖਿਆ ਯੂਨਿਟ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਸੰਸਦ ਕੰਪਲੈਕਸ ਦਾ ਪੂਰਾ ਚਾਰਜ ਸੰਭਾਲ ਲਵੇਗੀ।ਸੀਆਈਐੱਸਐੱਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨਾਲ ਹੁਣ ਤੱਕ ਸੰਸਦ ਦੀ ਸਾਂਝੇ ਤੌਰ ’ਤੇ ਸੁਰੱਖਿਆ ਕਰਨ ਵਾਲੇ ਸੀਆਰਪੀਐਫ ਪੀਡੀਜੀ, ਦਿੱਲੀ ਪੁਲੀਸ (ਲਗਪਗ 150 ਕਰਮਚਾਰੀ) ਅਤੇ ਸੰਸਦ ਸੁਰੱਖਿਆ ਸਟਾਫ (ਪੀਐੱਸਐੱਸ) ਨੂੰ ਹਟਾ ਦਿੱਤਾ ਗਿਆ ਹੈ। -ਪੀਟੀਆਈ
ਡਿਊਟੀ ਸੰਭਾਲਣ ਤੋਂ ਪਹਿਲਾਂ ਸੀਆਈਐੱਸਐੱਫ ਜਵਾਨਾਂ ਨੇ ਲਈ ਵਿਸ਼ੇਸ਼ ਸਿਖਲਾਈ
ਸੀਆਈਐੱਸਐੱਫ ਦੇ ਜਵਾਨਾਂ ਨੂੰ ਸੰਸਦੀ ਡਿਊਟੀ ਲਈ ਭੇਜੇ ਜਾਣ ਤੋਂ ਪਹਿਲਾਂ ਸਾਮਾਨ ਦੀ ਜਾਂਚ, ਵਿਅਕਤੀਗਤ ਖੋਜ, ਧਮਾਕਾਖੇਜ਼ ਸਮੱਗਰੀ ਦਾ ਪਤਾ ਲਗਾਉਣ, ਨਿਸ਼ਾਨੇਬਾਜ਼ੀ ਅਤੇ ਜਨਤਕ ਗੱਲਬਾਤ ਬਾਰੇ ਸਿਖਲਾਈ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਇਨ੍ਹਾਂ ਜਵਾਨਾਂ ਨੇ ਹਾਲ ਹੀ ’ਚ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ‘ਬਲੈਕ ਕੈਟ’ ਕਮਾਂਡੋਜ਼ ਨਾਲ ਵੀ ਸਿਖਲਾਈ ਲਈ ਹੈ ਜਿਨ੍ਹਾਂ ਨੂੰ ਅਤਿਵਾਦੀ ਹਮਲੇ ਵਰਗੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਰਾਹੀਂ ਉਤਾਰਿਆ ਗਿਆ ਸੀ।