ਭੋਪਾਲ, 19 ਮਈ
ਓਲੰਪੀਅਨ ਨਿਸ਼ਾਨੇਬਾਜ਼ ਮਨੂ ਭਾਕਰ ਇੱਥੇ ਅੱਜ ਰਾਈਫਲ ਅਤੇ ਪਿਸਟਲ ਓਲੰਪਿਕ ਚੋਣ ਟਰਾਇਲ (ਓਐੱਸਟੀ) ਦੇ ਆਖਰੀ ਦਿਨ ਮਹਿਲਾ 10 ਮੀਟਰ ਏਅਰ ਪਿਸਟਲ ਓਐੱਸਟੀ ਟੀ4 ਮੁਕਾਬਲਾ ਜਿੱਤ ਕੇ ਟਰਾਇਲਾਂ ਦੀ ਸਭ ਤੋਂ ਸਫਲ ਨਿਸ਼ਾਨੇਬਾਜ਼ ਰਹੀ। ਟਰਾਇਲਾਂ ਵਿੱਚ ਇਹ ਮਨੂ ਦੀ ਚੌਥੀ ਜਿੱਤ ਸੀ। ਉਸ ਨੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਟਰਾਇਲ ਵਿੱੱਚ ਵੀ ਜਿੱਤ ਹਾਸਲ ਕੀਤੀ ਸੀ। ਮਨੂ ਨੇ ਓਐੱਸਟੀ ਟੀ4 10ਐੱਮ ਏਅਰ ਪਿਸਟਲ ਫਾਈਨਲ ਵਿੱਚ 240.8 ਦਾ ਸਕੋਰ ਬਣਾਇਆ। ਉਸ ਨੇ ਹਾਂਗਜ਼ੂ ਏਸ਼ੀਆਡ ਚੈਂਪੀਅਨ ਪਲਕ ਨੂੰ 4.4 ਅੰਕਾਂ ਨਾਲ ਹਰਾਇਆ। ਰਿਦਮ ਸਾਂਗਵਾਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਇਲਾਵੇਨਿਲ ਵਲਾਰਿਵਨ ਨੇ ਮਹਿਲਾ 10 ਮੀਟਰ ਏਅਰ ਰਾਈਫਲ ਓਐੱਸਟੀ ਟੀ4 ਵਿੱਚ 254.3 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਇਹ ਸਕੋਰ ਇਸ ਮਹੀਨੇ ਬਾਕੂ ਵਿੱਚ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਚੀਨ ਦੇ ਹਾਨ ਜਿਆਯੂ ਵੱਲੋਂ ਬਣਾਏ 254.0 ਦੇ ਮੌਜੂਦਾ ਵਿਸ਼ਵ ਰਿਕਾਰਡ ਤੋਂ 0.3 ਅੰਕ ਵੱਧ ਸੀ। ਰਮਿਤਾ (253.3) ਅਤੇ ਮੇਹੁਲੀ ਘੋਸ਼ (230.3) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਦਿਵਿਆਂਸ਼ ਪੰਵਾਰ ਨੇ ਪੁਰਸ਼ਾਂ ਦਾ ਏਅਰ ਰਾਈਫਲ ਓਐੱਸਟੀ ਟੀ4 ਮੁਕਾਬਲਾ 253.3 ਦੇ ਸਕੋਰ ਨਾਲ ਜਿੱਤਿਆ। ਇਹ ਸਕੋਰ ਉਸ ਦੇ ਮੌਜੂਦਾ ਵਿਸ਼ਵ ਰਿਕਾਰਡ ਤੋਂ 0.4 ਘੱਟ ਸੀ। ਰਵਿੰਦਰ ਸਿੰਘ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਓਐੱਸਟੀ ਟੀ4 ਫਾਈਨਲ ਵਿੱਚ 242.2 ਦੇ ਸਕੋਰ ਨਾਲ ਜੇਤੂ ਰਿਹਾ। ਵਰੁਣ ਤੋਮਰ (239.4) ਦੂਜੇ ਅਤੇ ਸਰਬਜੋਤ ਸਿੰਘ (218.9) ਤੀਜੇ ਸਥਾਨ ’ਤੇ ਰਹੇ। -ਪੀਟੀਆਈ