ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਮਈ
ਕੁਰੂਕਸ਼ੇਤਰ ਲੋਕ ਸਭਾ ਹਲਕਾ ਤੋਂ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਚੋਣਾਂ ਵਿਚ ਕਰੀਬ ਇਕ ਹਫਤਾ ਰਹਿ ਗਿਆ ਹੈ ਤੇ ਉਨ੍ਹਾਂ ਨੂੰ ਹਲਕੇ ’ਚ ਮਿਲ ਰਹੇ ਸਮਰਥਨ ਤੋਂ ਲੱਗਦਾ ਹੈ ਕਿ ਉਹ ਚੋਣ ਜਿੱਤ ਰਹੇ ਹਨ। ਸ੍ਰੀ ਚੌਟਾਲਾ ਨੇ ਕਿਹਾ ਕਿ ਉਹ ਹਲਕੇ ਦੇ ਹਰ ਪਿੰਡ ਵਿਚ ਜਾ ਚੁੱਕੇ ਹਨ ਤੇ ਹਰ ਪਿੰਡ ਵਿਚ ਹੀ ਉਹ ਪੰਜ ਦਸ ਲੋਕਾਂ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਨਵੀਨ ਜਿੰਦਲ 10 ਸਾਲ ਸੰਸਦ ਰਹਿ ਚੁੱਕਾ ਹੈ ਪਰ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜਾਣਦੇ ਤੱਕ ਨਹੀਂ। ਚੌਟਾਲਾ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਪੁੂੰਜੀਪਤੀ ਲੋਕ ਵੋਟ ਲੈਣ ਤੋਂ ਬਾਅਦ ਲੋਕਾਂ ਨੂੰ ਭੁੱਲ ਜਾਂਦੇ ਹਨ ਤੇ ਆਪਣੇ ਕਾਰੋਬਾਰ ਨੂੰ ਵਧਾਉਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਚੋਣ ਜਿੱਤ ਰਹੇ ਹਨ ਤੇ ਸੰਸਦ ਬਣਨ ਤੋਂ ਬਾਅਦ ਵਿਧਾਨ ਸਭਾ ਦੀ ਤਰ੍ਹਾਂ ਲੋਕ ਸਭਾ ਵਿਚ ਵੀ ਹਰਿਆਣਾ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਮਿਸ਼ਨ ਏਕਤਾ ਪਾਰਟੀ ਦੀ ਕੌਮੀ ਪ੍ਰਧਾਨ ਕਾਂਤਾ ਆਲੜੀਆ ਨੇ ਕਿਹਾ ਕਿ ਜਿੰਦਲ ਤੇ ਗੁਪਤਾ ਦੋਵੇਂ ਸਰਮਾਏਦਾਰ ਉਮੀਦਵਾਰ ਹਨ, ਇਨ੍ਹਾਂ ਦਾ ਰਾਜਨੀਤੀ ਵਿਚ ਆਉਣ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੈ। ਇਤਿਹਾਸ ਗਵਾਹ ਹੈ ਕਿ ਪੂੰਜੀਪਤੀਆਂ ਨੇ ਹਮੇਸ਼ਾ ਅਨੁਸੂਚਿਤ ਜਾਤੀ ਦਾ ਸ਼ੋਸ਼ਣ ਹੀ ਕੀਤਾ ਹੈ ਤੇ ਉਹ ਇਸ ਵਰਗ ਦੇ ਹਿਤੈਸ਼ੀ ਹੋ ਹੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਅਭੈ ਸਿੰਘ ਚੌਟਾਲਾ ਨੇ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ’ਤੇ ਚਲਦੇ ਕਿਸਾਨ ਕਮੇਰੇ ਵਰਗ ਲਈ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਭਾਜਪਾ ਤੇ ਕਾਂਗਰਸ ਨੇ ਹਮੇਸ਼ਾ ਅਨੁਸੂਚਿਤ ਜਾਤੀ, ਪਛੜਾ ਵਰਗ, ਮਜ਼ਦੂਰ, ਕਿਸਾਨਾਂ ਵਿਚ ਤਰੇੜ ਪਾਉਣ ਦਾ ਕੰਮ ਕੀਤਾ ਹੈ। ਅਭੈ ਸਿੰਘ ਚੌਟਾਲਾ ਨੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਹਰਿਆਣਾ ਦਾ ਪਾਣੀ ਰੋਕਣ ਵਾਲੇ ਲੋਕ ਹਨ। ਪਹਿਲਾਂ ਇਹ ਐੱਸਵਾਈਐੱਲ ’ਤੇ ਆਪਣੀ ਸਥਿਤੀ ਸਪੱਸ਼ਟ ਕਰਨ। ਇਕ ਪਾਸੇ ਤਾਂ ਪੰਜਾਬ ਵਿਚ ਇਹ ਕਹਿ ਰਹੇ ਹਨ ਕਿ ਹਰਿਆਣਾ ਨੂੰ ਇਕ ਬੂੰਦ ਪਾਣੀ ਨਹੀਂ ਦਿਆਂਗੇ, ਫਿਰ ਲੋਕ ਸਭਾ ਚੋਣਾਂ ਵਿਚ ਵੋਟ ਕਿਸ ਮੂੰਹ ਨਾਲ ਮੰਗ ਰਹੇ ਹਨ।