ਐੱਨਪੀ ਧਵਨ
ਪਠਾਨਕੋਟ, 19 ਮਈ
ਬੀਤੀ ਦੇਰ ਸ਼ਾਮ ਇੱਥੇ ਵਾਰਡ ਨੰਬਰ-36 ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਇੱਕ ਚੋਣ ਜਲਸੇ ਦੌਰਾਨ ਉਸ ਵੇਲੇ ਖਲਬਲੀ ਮੱਚ ਗਈ ਜਦ ਇੱਕ ਬਜ਼ੁਰਗ ਵੋਟਰ ਹਾਰ ਲੈ ਕੇ ਸਟੇਜ ’ਤੇ ਪਾਰਟੀ ਉਮੀਦਵਾਰ ਦੇ ਗਲ ਵਿੱਚ ਪਾਉਣ ਲਈ ਚੜ੍ਹਿਆ ਤਾਂ ਉਸ ਵੱਲੋਂ ਉੱਥੇ ਇੱਕ ਸਵਾਲ ਪੁੱਛਣ ਲੱਗਿਆਂ ਸਟੇਜ ਦੇ ਪ੍ਰਬੰਧਕਾਂ ਨੇ ਉਸ ਨੂੰ ਧੱਕੇ ਮਾਰ ਕੇ ਸਟੇਜ ਤੋਂ ਥੱਲ੍ਹੇ ਲਾਹ ਦਿੱਤਾ ਅਤੇ ਜਲਸੇ ਤੋਂ ਬਾਹਰ ਕੱਢ ਦਿੱਤਾ। ਉਹ ਵਾਰ-ਵਾਰ ਇਹ ਹੀ ਕਹਿ ਰਿਹਾ ਸੀ ਕਿ ਕੀ ਇੱਕ ਵੋਟਰ ਆਪਣੀ ਗੱਲ ਨਹੀਂ ਰੱਖ ਸਕਦਾ। ਕੀ ਵੋਟਰ ਨੂੰ ਬੋਲਣ ਦਾ ਕੋਈ ਅਧਿਕਾਰੀ ਨਹੀਂ? ਇਹ ਸਾਰਾ ਕੁਝ ਗੁਰਦਾਸਪੁਰ ਸੰਸਦੀ ਹਲਕੇ ਤੋਂ ਖੜ੍ਹੇ ਪਾਰਟੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਠਾਨਕੋਟ ਹਲਕੇ ਦੇ ਸਾਬਕਾ ਵਿਧਾਇਕ ਅਮਿਤ ਵਿੱਜ ਦੀ ਹਾਜ਼ਰੀ ਵਿੱਚ ਹੋਇਆ। ਉਂਝ ਅਮਿਤ ਵਿੱਜ ਨੇ ਇਹ ਕਹਿ ਕੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਵਾਲ ਪੁੱਛਣ ਵਾਲਾ ਬਜ਼ੁਰਗ ਵਿਚਾਰਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ ਤੇ ਉਸ ਦੇ ਘਰ ਵਿੱਚ ਵੀ ਲੜਾਈ ਰਹਿੰਦੀ ਹੈ। ਉਸ ਨਾਲ ਹਮਦਰਦੀ ਕਰਨ ਦੀ ਲੋੜ ਹੈ। ਘਟਨਾ ਵਾਪਰਨ ਉਪਰੰਤ ਉਕਤ ਬਜ਼ੁਰਗ ਦਾ ਕਹਿਣਾ ਸੀ ਕਿ ਉਹ ਇਸ ਵਾਰਡ ਦਾ ਵੋਟਰ ਹੈ ਅਤੇ ਉਹ ਪੁੱਛਣਾ ਚਾਹੁੰਦਾ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸੀ ਆਗੂਆਂ ਨੇ ਉਸ ਨਾਲ ਉਸ ਦੇ ਘਰ ਦਾ ਪਾਣੀ ਦਾ ਕੁਨੈਕਸ਼ਨ ਦੇਣ ਦਾ ਵਾਅਦਾ ਕੀਤਾ ਸੀ। ਜਿਸ ਦੇ ਬਾਅਦ ਉਹ ਕਈ ਵਾਰ ਆਗੂਆਂ ਨੂੰ ਮਿਲਿਆ ਪਰ ਅੱਜ ਤੱਕ ਉਸ ਦਾ ਕੁਨੈਕਸ਼ਨ ਨਹੀਂ ਹੋ ਸਕਿਆ। ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਕਾਂਗਰਸੀ ਆਗੂਆਂ ਨੇ ਆਪਣੇ ਬੰਦਿਆਂ ਤੋਂ ਉਸ ਨੂੰ ਧੱਕੇ ਮਾਰ ਕੇ ਥੱਲ੍ਹੇ ਲਾਹ ਦਿੱਤਾ ਅਤੇ ਬਾਹਰ ਕੱਢ ਦਿੱਤਾ। ਬਜ਼ੁਰਗ ਦਾ ਕਹਿਣਾ ਸੀ,‘‘ ਇਹ ਆਗੂ ਲੋਕਾਂ ਨੂੰ ਅਜਿਹੇ ਜਲਸਿਆਂ ਵਿੱਚ ਬੇਵਕੂਫ ਬਣਾਉਂਦੇ ਨੇ। ਇਹ ਤਾਂ ਇੱਕ ਕੁਨੈਕਸ਼ਨ ਨਹੀਂ ਕਰਵਾ ਸਕਦੇ ਹੋਰ ਕੀ ਕਰਵਾ ਸਕਦੇ ਨੇ? ਜੇਕਰ ਇੱਥੇ ਵੋਟਰ ਨੂੰ ਪੁੱਛਣ ਦਾ ਕੋਈ ਅਧਿਕਾਰ ਨਹੀਂ ਤੇ ਫਿਰ ਇਨ੍ਹਾਂ ਨੂੰ ਵੋਟ ਦੇ ਕੇ 5 ਸਾਲ ਮੁੜ ਕਿੱਥੇ ਲੱਭਣਾ ਹੈ?’’